ਗੋਇੰਦਵਾਲ ਸਾਹਿਬ, 22 ਨਵੰਬਰ (ਸਕੱਤਰ ਸਿੰਘ ਅਟਵਾਲ)-ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਥੀਮਾਂ ਵਿਚ ਉੱਚੇ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ | ਇਹ ਪ੍ਰਦਰਸ਼ਨੀ ਸਕੂਲ ਆਫ ਐਮੀਨੈਂਸ ਗੋਇੰਦਵਾਲ ਸਾਹਿਬ ਵਲੋਂ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਆਯੋਜਿਤ ਕੀਤੀ ਗਈ, ਜਿਸ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ (ਐਸ.ਟੀਮ) ਖੇਤਰ ਨਾਲ ਸੰਬੰਧਿਤ ਮਾਡਲ ਪੇਸ਼ ਕੀਤੇ | ਇਨ੍ਹਾਂ ਮੁਕਾਬਲਿਆਂ ਦੇ ਨਤੀਜਿਆਂ 'ਚ ਖ਼ਾਸ ਤੌਰ 'ਤੇ ਅਰਮਾਨਦੀਪ ਸਿੰਘ ਪੁੱਤਰ ਗੁਰਿੰਦਰਜੀਤ ਸਿੰਘ ਪਿੰਡ ਗੋਇੰਦਵਾਲ ਸਾਹਿਬ ਨੇ ਗ੍ਰੀਨ ਐਨਰਜੀ ਥੀਮ ਵਿਚ ਪਹਿਲਾ ਸਥਾਨ ਹਾਸਲ ਕਰਕੇ ਸਾਰਿਆਂ ਦਾ ਵਿਸ਼ੇਸ਼ ਧਿਆਨ ਖਿੱਚਿਆ | ਅਮਨਜੋਤ ਸਿੰਘ ਪੁੱਤਰ ਜਰਮਨਜੀਤ ਸਿੰਘ ਗੋਇੰਦਵਾਲ ਸਾਹਿਬ ਨੇ ਐਮਰਜਿੰਗ ਟੈਕਨੋਲੋਜੀ, ਐਸ਼ਮੀਤ ਕੌਰ ਪੁੱਤਰੀ ਖਜਾਨ ਸਿੰਘ, ਗੋਇੰਦਵਾਲ ਸਾਹਿਬ ਨੇ ਰੀਕਰੇਸ਼ਨ ਮੈਥਮੈਟਿਕਸ, ਮੋਡਲਿੰਗ ਅਤੇ ਜਸਨੂਰ ਕੌਰ ਪੁੱਤਰੀ ਜਸਵਿੰਦਰ ਸਿੰਘ ਗੋਇੰਦਵਾਲ ਸਾਹਿਬ ਨੇ ਸਿਹਤ ਤੇ ਤੰਦਰੁਸਤੀ ਥੀਮ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ-ਆਪਣੇ ਖੇਤਰਾਂ ਵਿਚ ਕਾਬਿਲੇ-ਤਾਰੀਫ਼ ਪ੍ਰਦਰਸ਼ਨ ਕੀਤਾ | ਤੀਜੇ ਸਥਾਨ 'ਤੇ ਗੁਰਲੀਨ ਕੌਰ ਪੁੱਤਰੀ ਜਰਮਨਜੀਤ ਸਿੰਘਪਿੰਡ ਗੋਇੰਦਵਾਲ ਸਾਹਿਬ ਨੇ ਵੇਸਟ ਮੈਨੇਜਮੈਂਟ ਐਂਡ ਅਲਟਰਨੇਟਿਵਜ਼ ਟੂ ਪਲਾਸਟਿਕ ਥੀਮ ਵਿਚ ਅਤੇ ਅਰਪਨਦੀਪ ਕੌਰ ਪੁੱਤਰੀ ਰਣਜੀਤ ਸਿੰਘ ਪਿੰਡ ਹੋਠੀਆਂ ਨੇ ਪਾਣੀ ਦੀ ਸੰਭਾਲ ਥੀਮ ਵਿਚ ਇਨਾਮ ਪ੍ਰਾਪਤ ਕਰਦੇ ਹੋਏ ਸਕੂਲ ਦਾ ਨਾਮ ਹੋਰ ਵੀ ਰੋਸ਼ਨ ਕੀਤਾ | ਚੇਅਰਪਰਸਨ ਬਲਜੀਤ ਕੌਰ ਰੰਧਾਵਾ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਮਿਹਨਤ, ਰਚਨਾਤਮਕਤਾ ਅਤੇ ਅਧਿਆਪਕਾਂ ਦੇ ਉਤਸ਼ਾਹਪੂਰਣ ਮਾਰਗਦਰਸ਼ਨ ਦਾ ਪਰਿਣਾਮ ਹਨ | ਪਿ੍ੰਸਿਪਲ ਰਵਿੰਦਰ ਕੌਰ ਨੇ ਦੱਸਿਆ ਕਿ ਸਾਇੰਸ ਪ੍ਰਦਰਸ਼ਨੀ ਲਈ ਅਧਿਆਪਕ ਅਸ਼ਵਨੀ ਠਾਕੁਰ, ਅਜੈ ਕੁਮਾਰ ਅਤੇ ਪ੍ਰਭਜੋਤ ਕੌਰ ਨੇ ਬੱਚਿਆਂ ਨੂੰ ਮਾਡਲ ਬਣਾਉਣ ਵਿਚ ਮਹੱਤਵਪੂਰਣ ਮਾਰਗਦਰਸ਼ਨ ਦਿੱਤਾ | ਪਿ੍ੰਸੀਪਲ ਮੈਡਮ ਨੇ ਸਾਇੰਸ ਮਾਡਲ ਪ੍ਰਦਰਸ਼ਨੀ ਦੇ ਸਫਲ ਆਯੋਜਨ ਵਿਚ ਸੁਪਰਵਾਈਜ਼ਰ ਅਧਿਆਪਕ ਖੁਸ਼ਪਾਲ ਸਿੰਘ ਦੇ ਮਹੱਤਵਪੂਰਨ ਯੋਗਦਾਨ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਅਰਮਾਨਦੀਪ ਸਿੰਘ ਹੁਣ ਆਪਣੀ ਗ੍ਰੀਨ ਐਨਰਜੀ ਥੀਮ ਨੂੰ ਜ਼ਿਲ੍ਹਾ ਪੱਧਰ 'ਤੇ ਵੀ ਪ੍ਰਦਰਸ਼ਿਤ ਕਰੇਗਾ, ਜਿਸ ਨਾਲ ਸਕੂਲ ਲਈ ਹੋਰ ਉਪਲਬਧੀਆਂ ਦੇ ਦਰਵਾਜ਼ੇ ਖੁੱਲ੍ਹਣ ਦੀ ਸੰਭਾਵਨਾ ਹੈ |