ਬਾਬਾ ਬਕਾਲਾ ਸਾਹਿਬ, 23 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਲਾਕੇੇ ਦੀ ਨਾਮਵਰ ਵਿਦਿਅਕ ਸੰਸਥਾ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਦੀ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਮਾਰੋਹ ਆਯੋਜਿਤ ਕੀਤਾ ਗਿਆ | ਸਮਾਰੋਹ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਨਾਲ ਕੀਤੀ ਗਈ, ਜਿਸ ਨਾਲ ਸਮੂਹ ਪੰਡਾਲ ਵਿੱਚ ਆਧਿਆਤਮਿਕ ਅਤੇ ਪਵਿੱਤਰ ਮਾਹੌਲ ਬਣ ਗਿਆ | ਇਸ ਮੌਕੇ ਇੰਟਰ ਹਾਊਸ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਅਤੇ ਜਜ਼ਬੇ ਨਾਲ ਭਾਗ ਲਿਆ | ਮੁੱਖ ਮੁਕਾਬਲਿਆਂ ਵਿੱਚ ਕਵਿਤਾ ਪਾਠ, ਵਾਰਤਾਲਾਪ, ਕਵੀਸ਼ਰੀ, ਸ਼ਬਦ-ਗਾਇਨ, ਭਾਸ਼ਣ, ਕੁਵਿੱਜ਼ ਅਤੇ ਦਸਤਾਰ ਮੁਕਾਬਲਾ ਵਿਸ਼ੇਸ਼ ਆਕਰਸ਼ਣ ਬਣੇ ਰਹੇ | ਇਸ ਤੋਂ ਇਲਾਵਾ ਵਿਦਿਆਰਥੀਆਂ ਵਲੋਂ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਬਲੀਦਾਨ ਸੰਬੰਧੀ ਇਕ ਸੁੰਦਰ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ | ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਜੀਤੂ ਹਾਊਸ ਨੂੰ ਸਮੂਹਿਕ ਤੌਰ 'ਤੇ ਵਿਜੇਤਾ ਘੋਸ਼ਿਤ ਕੀਤਾ ਗਿਆ | ਸਮਾਰੋਹ ਦੌਰਾਨ ਸਕੂਲ ਦੇ ਐਮ.ਡੀ. ਕੁਲਬੀਰ ਸਿੰਘ ਮਾਨ ਅਤੇ ਪਿ੍ੰਸੀਪਲ ਮੈਡਮ ਹਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਜੀ ਦੀ ਸ਼ਹੀਦੀ ਮਨੁੱਖਤਾ, ਸੱਚ ਅਤੇ ਹਿੰਮਤ ਲਈ ਅਦੁੱਤੀ ਬਲਿਦਾਨ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਰੋਹ ਬੱਚਿਆਂ ਵਿਚ ਧਾਰਮਿਕ, ਨੈਤਿਕ ਅਤੇ ਸੱਭਿਆਚਾਰਕ ਮੁੱਲਾਂ ਨੂੰ ਮਜ਼ਬੂਤ ਬਣਾਉਂਦੇ ਹਨ | ਅਖੀਰ ਵਿਚ ਸਕੂਲ ਪ੍ਰਬੰਧਕਾਂ ਵਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਸਕੂਲ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਧਾਰਮਿਕ, ਸਿੱਖਿਆਤਮਕ ਤੇ ਚਰਿਤਰ ਨਿਰਮਾਣਕ ਪ੍ਰੋਗਰਾਮ ਜਾਰੀ ਰੱਖੇਗਾ |