ਤਰਨ ਤਾਰਨ, 23 ਨਵੰਬਰ (ਪਰਮਜੀਤ ਜੋਸ਼ੀ)-ਕਈ ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਪੰਜਾਬ ਦੀ ਸੱਤਾ 'ਤੇ ਆਈ ਆਮ ਆਦਮੀ ਪਾਰਟੀ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ, ਜਿਸ ਨਾਲ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਪੂਰੀ ਤਰ੍ਹਾਂ ਖਫਾ ਹਨ। 'ਆਪ' ਨੇ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵੀ ਵਾਅਦਾ ਕੀਤਾ ਸੀ, ਉਹ ਅਜੇ ਤੱਕ ਪੂਰਾ ਨਹੀਂ ਹੋਇਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਹਿਲਾ ਕਿਸਾਨ ਮੋਰਚਾ ਦੀ ਮੀਤ ਪ੍ਰਧਾਨ ਅਤੇ ਭਾਜਪਾ ਦੇ ਸੀਨੀਅਰ ਆਗੂ ਬੀਬੀ ਸਰਬਜੀਤ ਕੌਰ ਬਾਠ ਨੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 4 ਸਾਲ ਦੇ ਕਰੀਬ ਹੋ ਚੁੱਕੇ ਹਨ। ਇਸ ਨਾਲ ਹਰੇਕ ਔਰਤ ਦੇ 'ਆਪ' ਸਰਕਾਰ ਹੋਂਦ ਵਿਚ ਆਉਣ ਤੋਂ ਲੈ ਕੇ ਕਰੀਬ 48000 ਪ੍ਰਤੀ ਔਰਤ ਦੇ ਬਣਦੇ ਹਨ, ਜਿਸ ਨੂੰ ਵਾਅਦੇ ਅਨੁਸਾਰ ਹਰੇਕ ਔਰਤ ਨੂੰ ਇਹ ਪੈਸੇ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਲੋਕ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਰੀਤੀਆਂ, ਨੀਤੀਆਂ ਤੋਂ ਪੂਰੀ ਤਰ੍ਹਾਂ ਖੁਸ਼ ਅਤੇ ਪ੍ਰਭਾਵਿਤ ਹਨ ਅਤੇ ਉਹ ਹੁਣ ਜਾਗਰੂਕ ਵੀ ਹੋ ਚੁੱਕੇ ਹਨ ਕਿ ਭਾਜਪਾ ਦੀ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਕਾਰਨ ਹੀ ਅੱਜ ਦੇਸ਼ ਤਰੱਕੀ ਦੀਆਂ ਲੀਹਾਂ 'ਤੇ ਹੈ ਅਤੇ ਪੰਜਾਬ ਦੇ ਲੋਕ ਕੇਂਦਰ ਦੀਆਂ ਸਹੂਲਤਾਂ ਤੋਂ ਇਸ ਕਰਕੇ ਵਾਂਝੇ ਹਨ ਕਿ ਇੱਥੇ ਪੰਜਾਬ ਦੀ ਸੱਤਾ 'ਤੇ ਰਾਜ ਕਰਨ ਵਾਲੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਤੱਕ ਕੇਂਦਰ ਦੀਆਂ ਸਹੂਲਤਾਂ ਪਹੁੰਚਣ ਹੀ ਨਹੀਂ ਦਿੱਤੀਆਂ, ਸਗੋਂ ਲੋਕਾਂ ਨੂੰ ਉਲਟਾ ਗੁੰਮਰਾਹ ਕਰਕੇ ਗੰਦਲੀ ਰਾਜਨੀਤੀ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪੂਰੇ ਦੇਸ਼ ਦੇ ਸੂਬੇ ਖੁਸ਼ਹਾਲੀ ਅਤੇ ਤਰੱਕੀ ਦੀ ਰਾਹ 'ਤੇ ਹਨ, ਉਸ ਦੇ ਬਰਾਬਰ ਸਾਡੀ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ, ਜੋ ਕਦੀ ਸੋਨੇ ਦੀ ਚਿੜੀ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਅੱਜ ਹਰ ਪੱਖੋਂ ਬਹੁਤ ਹੀ ਪਛਾੜਿਆ ਜਾ ਚੁੱਕਾ ਹੈ, ਪੰਜਾਬੀਆਂ ਨਾਲ ਵੱਡਾ ਧੋਖਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਝੂਠੇ ਵਾਅਦਿਆਂ ਦਾ ਭਾਂਡਾ ਬੁਰੀ ਤਰ੍ਹਾਂ ਭੱਜ ਚੁੱਕਾ ਹੈ।
'ਆਪ' ਸਰਕਾਰ ਔਰਤਾਂ ਨੂੰ ਇਕ ਹਜ਼ਾਰ ਦੇਣ ਦਾ ਵਾਅਦਾ ਪੂਰਾ ਕਰੇ-ਬੀਬੀ ਬਾਠ
ਅਜੀਤ ਡੈਸਕ
24-11-2025