ਅੰਮਿ੍ਤਸਰ, 7 ਦਸੰਬਰ (ਸੁਰਿੰਦਰ ਕੋਛੜ)-ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ, ਹਰਪਾਲ ਸਿੰਘ ਆਹਲੂਵਾਲੀਆ, ਹਰਦੇਸ਼ ਦਵੇਸਰ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕਰਕੇ ਕਿਹਾ ਕਿ ਭਾਰਤ-ਪਾਕਿ 'ਚ ਹੁੰਦੇ ਦੁਵੱਲੇ ਵਪਾਰ ਲਈ ਸਾਲ 2019 ਤੋਂ ਬੰਦ ਕੀਤੀ ਅਟਾਰੀ-ਵਾਹਗਾ ਸਰਹੱਦ ਖੋਲ੍ਹਣ ਲਈ ਠੋਸ ਕਾਰਵਾਈ ਕੀਤੀ ਜਾਵੇ | ਦੱਸਣਯੋਗ ਹੈ ਕਿ ਦੋਵਾਂ ਮੁਲਕਾਂ ਵਲੋਂ ਸਿਆਸੀ ਤਲਖ਼ੀਆਂ ਦੇ ਚਲਦਿਆਂ ਪਹਿਲਾਂ ਤੋਂ ਬੰਦ ਕੀਤੀ ਸਰਹੱਦ ਰਾਹੀਂ ਅਫ਼ਗਾਨਿਸਤਾਨ ਨਾਲ ਹੁੰਦੇ ਵਪਾਰ 'ਤੇ ਵੀ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ | ਉਕਤ ਵਪਾਰੀ ਆਗੂਆਂ ਨੇ ਕਿਹਾ ਕਿ ਭਾਰਤ-ਪਾਕਿ ਵਿਚਲੀਆਂ ਸਰਹੱਦੀ ਅਤੇ ਸਿਆਸੀ ਤਲਖ਼ੀਆਂ ਕਾਰਨ ਬੰਦ ਹੋਏ ਸਰਹੱਦੀ ਵਪਾਰ ਨਾਲ ਸਭ ਤੋਂ ਵੱਧ ਪ੍ਰਭਾਵਿਤ ਅੰਮਿ੍ਤਸਰ ਦੇ ਕਾਰੋਬਾਰੀ, ਵਪਾਰੀ, ਟਰਾਂਸਪੋਰਟਰ, ਮਜ਼ਦੂਰ ਅਤੇ ਮੁਲਾਜ਼ਮ ਹੋਏ ਹਨ, ਜਿਨ੍ਹਾਂ ਨੂੰ ਲਗਭਗ 35 ਹਜ਼ਾਰ ਕਰੋੜ ਰੁਪਏ ਦਾ ਸਾਲਾਨਾ ਘਾਟਾ ਸਹਿਣ ਕਰਨਾ ਪੈ ਰਿਹਾ ਹੈ | ਮਰਵਾਹਾ ਨੇ ਕਿਹਾ ਕਿ ਸਾਲ 2019 ਤੋਂ ਪਹਿਲਾਂ ਰੋਜ਼ਾਨਾ 300 ਤੋਂ 500 ਟਰੱਕ ਸਾਮਾਨ ਦਾ ਆਯਾਤ ਨਿਰਯਾਤ ਹੁੰਦਾ ਸੀ, ਜਦਕਿ ਹੁਣ ਸਰਹੱਦ 'ਤੇ ਪੂਰੀ ਤਰ੍ਹਾਂ ਵਿਰਾਨਗੀ ਬਣੀ ਹੋਈ ਹੈ | ਉਨ੍ਹਾਂ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਅਪੀਲ ਕੀਤੀ ਕਿ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੂੰ ਮਿਲ ਬੈਠ ਕੇ ਪ੍ਰਵਾਨਿਤ ਸ਼ਰਤਾਂ ਨਿਰਧਾਰਿਤ ਕਰਕੇ ਆਪਸੀ ਵਪਾਰ ਮੁੜ ਤੋਂ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਉਕਤ ਦੋਵਾਂ ਰਾਜਸੀ ਸ਼ਖ਼ਸੀਅਤਾਂ ਨੇ ਕੇਂਦਰ ਸਰਕਾਰ ਤੱਕ ਇਹ ਮੰਗਾਂ ਪਹੁੰਚਾਉਣ ਦਾ ਵਪਾਰੀਆਂ ਨੂੰ ਭਰੋਸਾ ਦਿੱਤਾ ਹੈ |