ਤਰਨ ਤਾਰਨ, 20 ਦਸੰਬਰ (ਹਰਿੰਦਰ ਸਿੰਘ)- ਠੰਢ ਦੇ ਮੌਸਮ ਵਿਚ ਛੋਟੇ ਬੱਚਿਆਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ ਕਿਉਂਕਿ ਇਸ ਮੌਸਮ ਵਿਚ ਵਾਈਰਸ ਤੇ ਬੈਕਟੀਰੀਆ ਬਹੁਤ ਤੇਜੀ ਨਾਲ ਬੱਚਿਆਂ 'ਤੇ ਹਮਲਾ ਕਰਦੇ ਹਨ, ਜਿਸ ਕਾਰਨ ਬੱਚਿਆਂ ਨੂੰ ਠੰਢ, ਜੁਕਾਮ, ਬੁਖਾਰ, ਨੱਕ ਬੰਦ, ਸਾਹ ਲੈਣ ਵਿਚ ਤਕਲੀਫ, ਗਲੇ ਦੀ ਇਨਫੈਕਸ਼ਨ ਹੋ ਜਾਂਦੀ ਹੈ | ਇਹ ਜਾਣਕਾਰੀ ਬੱਚਿਆਂ ਦੇ ਮਾਹਰ ਡਾਕਟਰ ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਸਿਵਲ ਹਸਪਤਾਲ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਬੱਚਿਆਂ ਦੀ ਦੇਖਭਾਲ ਲਈ ਕੁਝ ਜਰੂਰੀ ਸਾਵਧਾਨੀਆਂ ਦੱਸਦਿਆਂ ਕਿਹਾ ਕਿ ਬੱਚਿਆਂ ਨੂੰ ਠੰਢ ਵਿਚ ਜਿਆਦਾ ਕੱਪੜਿਆਂ ਨਾਲ ਨਾ ਲੱਦੋ, ਬੱਚੇ ਦਾ ਸਿਰ, ਪੈਰ ਤੇ ਹੱਥਾਂ ਰਾਹੀਂ ਜਿਆਦਾ ਠੰਢ ਦੀ ਲਪੇਟ ਵਿਚ ਆਉਂਦੇ ਹਨ, ਇਸ ਲਈ ਬੱਚਿਆਂ ਨੂੰ ਟੋਪੀ, ਗਰਮ ਜੁਰਾਬਾਂ ਤੇ ਦਸਤਾਨੇ ਪਾ ਕੇ ਰੱਖੋਂ, ਬੱਚੇ ਨੂੰ ਸੁਆਉਣ ਤੋਂ ਪਹਿਲਾਂ ਉਸ ਦਾ ਬਿਸਤਰਾ ਗਰਮ ਕਰੋ, ਕਮਰੇ ਵਿਚ ਆਈਲ ਹੀਟਰ ਦਾ ਇਸਤੇਮਾਲ ਕਰਨਾ, ਬੱਚੇ ਨੂੰ ਰੋਜਾਨਾਂ ਦੁਪਹਿਰ ਸਮੇਂ 15 ਤੋਂ 20 ਮਿੰਟ ਧੁੱਪ ਵਿਚ ਲੈ ਕੇ ਜਾਓ, ਨਿੱਕੇ ਬੱਚਿਆਂ ਦੀ ਰੋਜਾਨਾਂ ਗੁਣਗੁਨੇ ਪਾਣੀ ਨਾਲ ਸਪੋਨਜਿੰਗ ਕੀਤੀ ਜਾਵੇ, ਸਰਦੀ, ਜੁਕਾਮ ਹੋਣ 'ਤੇ ਬੱਚੇ ਨੂੰ ਸਟੀਮ ਦਿੱਤੀ ਜਾਵੇ ਅਤੇ ਬਿਮਾਰ ਹੋਣ 'ਤੇ ਤੁਰੰਤ ਮਾਹਰ ਡਾਕਟਰ ਪਾਸ ਜਾ ਕੇ ਬੱਚੇ ਦਾ ਚੈੱਕਅੱਪ ਕਰਵਾਇਆ ਜਾਵੇ |