ਹਰੀਕੇ ਪੱਤਣ, 22 ਦਸੰਬਰ (ਸੰਜੀਵ ਕੁੰਦਰਾ)- ਮੋਦੀ ਸਰਕਾਰ ਵਲੋਂ 2047 ਤੱਕ ਵਿਕਸਿਤ ਭਾਰਤ ਬਣਾਉਣ ਲਈ ਇਕ ਵੱਡਾ ਕਦਮ ਚੁੱਕਦਿਆਂ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਲਾਗੂ ਕੀਤੀ ਗਈ ਜੋ ਕਿ ਲੋੜਵੰਦਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਤੇ ਪੱਟੀ ਵਿਧਾਨ ਸਭਾ ਹਲਕਾ ਕਨਵੀਨਰ ਸ਼ਿਵ ਕੁਮਾਰ ਸੋਨੀ ਨੇ ਕੀਤਾ | ਉਨ੍ਹਾਂ ਕਿਹਾ ਕਿ ਇਕ ਵਾਰ ਫਿਰ ਮਨਰੇਗਾ ਦੇ ਨਾਮ 'ਤੇ ਦੇਸ਼ ਨੂੰ ਗੁੰਮਰਾਹ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ | ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ, ਜਦੋਂਕਿ ਸੱਚਾਈ ਇਹ ਹੈ ਕਿ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਮਨਰੇਗਾ ਤੋਂ ਇਕ ਕਦਮ ਅੱਗੇ ਹੈ | ਸ਼ਿਵ ਕੁਮਾਰ ਸੋਨੀ ਨੇ ਮਜ਼ਦੂਰ ਭਰਾਵਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਹੁਣ 100 ਨਹੀਂ, ਸਗੋਂ 125 ਦਿਨਾਂ ਦੇ ਕੰਮ ਦੀ ਕਾਨੂੰਨੀ ਗਾਰੰਟੀ ਹੈ | ਕੰਮ ਨਾ ਮਿਲਣ ਦੀ ਸਥਿਤੀ ਵਿਚ ਬੇਰੁਜ਼ਗਾਰੀ ਭੱਤੇ ਦੀ ਵਿਵਸਥਾ ਨੂੰ ਮਜ਼ਬੂਤ ਕੀਤਾ ਗਿਆ ਹੈ | ਜੇਕਰ ਮਜ਼ਦੂਰੀ ਦੇਰ ਨਾਲ ਮਿਲਦੀ ਹੈ, ਤਾਂ ਵਾਧੂ ਮੁਆਵਜ਼ੇ ਲਈ ਵੀ ਇਕ ਵਿਵਸਥਾ ਕੀਤੀ ਗਈ ਹੈ | ਇਸ ਸਾਲ ਇਸ ਯੋਜਨਾ ਲਈ 1,51,282 ਕਰੋੜ ਤੋਂ ਵੱਧ ਦੀ ਵੱਡੀ ਰਕਮ ਦੀ ਤਜਵੀਜ਼ ਹੈ, ਤਾਂ ਜੋ ਰੁਜ਼ਗਾਰ ਪ੍ਰਦਾਨ ਕਰਨ ਲਈ ਕਾਫ਼ੀ ਪੈਸਾ ਹੋਵੇ ਅਤੇ ਉਸ ਪੈਸੇ ਦੀ ਵਰਤੋਂ ਪਿੰਡਾਂ ਦੇ ਸਮੁੱਚੇ ਵਿਕਾਸ ਲਈ ਕੀਤੀ ਜਾ ਸਕੇ |