ਭਿੱਖੀਵਿੰਡ, 25 ਦਸੰਬਰ (ਬੌਬੀ)-ਕੈਂਬਰਿਜ ਵਰਲਡ ਸਕੂਲ ਪਹੂਵਿੰਡ ਸਾਹਿਬ ਵਿੱਚ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ, ਸਤਿਕਾਰ ਨਾਲ ਮਨਾਇਆ ਗਿਆ | ਇਸ ਪਾਵਨ ਅਵਸਰ 'ਤੇ ਸਕੂਲ ਪ੍ਰਾਂਗਣ ਗੁਰਬਾਣੀ ਦੇ ਪਵਿੱਤਰ ਸੁਰਾਂ ਨਾਲ ਗੂੰਜ ਉਠਿਆ | ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਇਕੱਠੇ ਹੋ ਕੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ, ਜਿਸ ਨਾਲ ਸਾਰੇ ਮਾਹੌਲ ਵਿੱਚ ਆਤਮਕ ਸ਼ਾਂਤੀ ਅਤੇ ਸ਼ਰਧਾ ਦੀ ਭਾਵਨਾ ਪੈਦਾ ਹੋਈ | ਇਸ ਮੌਕੇ ਕੈਂਬਿ੍ਜ ਵਰਲਡ ਸਕੂਲ ਪਹੂਵਿੰਡ ਸਾਹਿਬ ਦੀ ਪਿ੍ੰਸੀਪਲ ਅਤੇ ਅਧਿਆਪਕਾਂ ਵਲੋਂ ਸ਼ਹੀਦੀ ਨਾਲ ਸੰਬੰਧਿਤ ਸ਼ਬਦ ਗਾਇਨ ਕੀਤਾ ਗਿਆ, ਜਿਸ ਨੇ ਸਾਰੇ ਵਿਦਿਆਰਥੀਆਂ ਦੇ ਮਨਾਂ ਨੂੰ ਗਹਿਰਾਈ ਨਾਲ ਛੂਹ ਲਿਆ | ਸ਼ਬਦਾਂ ਦੇ ਅਰਥਾਂ ਰਾਹੀਂ ਬੱਚਿਆਂ ਨੂੰ ਸਿੱਖੀ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨਾਲ ਜੋੜਿਆ ਗਿਆ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਇਆ ਗਿਆ ਕਿ ਚਾਰ ਸਾਹਿਬਜ਼ਾਦਿਆਂ ਅਤੇ ਗੁਰੂ ਪਰਿਵਾਰ ਨੇ ਕਿਹੜੀਆਂ ਭਾਵਨਾਵਾਂ ਅਤੇ ਕਠਿਨ ਪ੍ਰਸਥਿਤੀਆਂ ਵਿਚੋਂ ਗੁਜ਼ਰ ਕੇ ਧਰਮ ਦੀ ਰੱਖਿਆ ਲਈ ਆਪਣੀ ਅਮਰ ਕੁਰਬਾਨੀ ਦਿੱਤੀ | ਇਸ ਉਪਰੰਤ ਵਿਦਿਆਰਥੀਆਂ ਦੀ ਬੁੱਧਿਕ ਸਮਰੱਥਾ ਨੂੰ ਨਿਖਾਰਨ ਲਈ ਪ੍ਰਸ਼ਨੋਤਰੀ (ਕੁਇਜ਼) ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਪੁੱਛੇ ਗਏ | ਇਸ ਗਤੀਵਿਧੀ ਰਾਹੀਂ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਅਟੱਲ ਹੌਸਲੇ, ਧੀਰਜ, ਸੱਚਾਈ ਅਤੇ ਧਰਮ ਪ੍ਰਤੀ ਅਡਿੱਗ ਵਿਸ਼ਵਾਸ ਬਾਰੇ ਜਾਣਕਾਰੀ ਦਿੱਤੀ ਗਈ | ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਮਨਾਂ ਵਿਚ ਸਿੱਖੀ ਦੇ ਸ਼ਹੀਦਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨੀ ਅਤੇ ਉਨ੍ਹਾਂ ਨੂੰ ਗੁਰੂ ਸਾਹਿਬਾਨਾਂ ਦੇ ਦੱਸੇ ਸੱਚ, ਨਿਆਂ ਅਤੇ ਬਲੀਦਾਨ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਨਾ ਸੀ | ਅੰਤ ਵਿਚ ਸਕੂਲ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਨੂੰ ਚੰਗਾ ਇਨਸਾਨ ਬਣਨ ਅਤੇ ਆਪਣਾ ਜੀਵਨ ਉੱਚੀਆਂ ਕਦਰਾਂ-ਕੀਮਤਾਂ ਅਨੁਸਾਰ ਜਿਊਣ ਦਾ ਸੰਦੇਸ਼ ਦਿੱਤਾ ਗਿਆ |