ਤਰਨ ਤਾਰਨ, 29 ਦਸੰਬਰ (ਹਰਿੰਦਰ ਸਿੰਘ)-ਮਨਰੇਗਾ ਮੁਲਾਜ਼ਮ ਐਕਸ਼ਨ ਪੰਜਾਬ ਵਲੋੋਂ ਮੋਦੀ ਸਰਕਾਰ ਵਲੋਂ 20 ਸਾਲ ਪੁਰਾਣੇ ਕੌਮੀ ਦਿਹਾਤੀ ਰੁਜ਼ਗਾਰ ਗਰੰਟੀ ਕਾਨੂੰਨ-2005 ਦੀ ਥਾਂ ਹੁਣ ਵਿਕਸਤ ਭਾਰਤ ਗਰੰਟੀ ਫਾਰ ਰੁਜ਼ਗਾਰ ਐਂਡ ਆਜੀਵਿਕਾ ਮਿਸ਼ਨ (ਗ੍ਰਾਮੀਣ) ਲਿਆ ਕੇ ਨਰੇਗਾ ਵਿਚ ਵੱਡੇ ਬਦਲਾਅ ਕੀਤੇ ਹਨ | ਜਿੱਥੇ ਇਸ ਬਿੱਲ ਦੇ ਲਾਗੂ ਹੋਣ ਨਾਲ ਸੂਬਾ ਸਰਕਾਰਾਂ 'ਤੇ 40 ਹਿੱਸੇਦਾਰੀ ਦਾ ਵਾਧੂ ਬੋਝ ਪੈਣ ਕਾਰਨ ਬਵਾਲ ਮੱਚ ਗਿਆ ਹੈ, ਉੱਥੇ 16-17 ਸਾਲਾਂ ਤੋਂ ਨਰੇਗਾ ਸਕੀਮ ਨੂੰ ਜ਼ਮੀਨੀਂ ਪੱਧਰ ਤੱਕ ਲਾਗੂ ਕਰਨ ਵਾਲੇ ਪੰਜਾਬ ਦੇ ਲਗਭਗ 2100 ਨਰੇਗਾ ਮੁਲਾਜ਼ਮਾਂ ਦਾ ਭਵਿੱਖ ਖ਼ਤਮ ਹੋਣ ਦੇ ਕਿਨਾਰੇ ਹੈ | ਆਪਣੀ ਨੌਕਰੀ ਨੂੰ ਪੱਕੀ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨਰੇਗਾ ਮੁਲਾਜ਼ਮਾਂ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਹਰ ਵਾਰ ਝੂਠੇ ਲਾਰੇ ਲਗਾਏ ਜਾਂਦੇ ਰਹੇ ਹਨ | ਪਿਛਲੇ ਪੰਦਰਾਂ ਸਾਲਾਂ ਦੌਰਾਨ ਪਿੰਡਾਂ ਦੇ ਲਗਭਗ 80 ਫੀਸਦੀ ਵਿਕਾਸ ਕਾਰਜ ਨਰੇਗਾ ਮੁਲਾਜ਼ਮਾਂ ਵਲੋਂ ਕਰਵਾਏ ਗਏ ਹਨ | ਪਿੰਡਾਂ ਦੇ ਗੰਦੇ ਛੱਪੜਾਂ ਦਾ ਨਵੀਨੀਕਰਨ, ਥਾਪਰ ਮਾਡਲ, ਸੀਚੇਵਾਲ ਮਾਡਲ, ਗਲ਼ੀਆਂ ਨਾਲੀਆਂ ਇੰਟਰਲਾਕ ਟਾਇਲ, ਖੇਡ ਸਟੇਡੀਅਮ, ਪਾਰਕ, ਸਕੂਲਾਂ ਦੀ ਚਾਰਦੀਵਾਰੀ, ਆਂਗਣਵਾੜੀ ਸੈਂਟਰ, ਨਰੇਗਾ ਭਵਨ, ਰੀਚਾਰਜ਼ ਤੇ ਸੋਕੇਜ ਪਿੱਟ, ਕੈਟਲ ਸ਼ੈੱਡ, ਪੱਕੇ ਖਾਲ, ਮਿੱਡ ਡੇ ਮੀਲ ਕਿਚਨ ਸ਼ੈੱਡ, ਬਾਇਓ ਗੈਸ ਪਲਾਂਟ, ਪੇਂਡੂ ਨਰਸਰੀਆਂ, ਢਾਣੀਆਂ ਦੇ ਰਸਤਿਆਂ ਤੇ ਖੜਵੰਜਾ, ਲਾਇਬ੍ਰੇਰੀਆਂ, ਮੀਆਂ ਵਾਕੀ ਜੰਗਲ, ਮਿੰਨੀ ਜੰਗਲ, ਗੁਰੂ ਨਾਨਕ ਬਗੀਚੀ ਵਰਗੇ ਅਨੇਕਾਂ ਵਿਕਾਸ ਕਾਰਜ ਪਿੰਡਾਂ ਦੀ ਸ਼ਾਨ ਬਣੇ ਹਨ | ਵੋਟਾਂ ਬਣਾਉਣ ਤੋਂ ਲੈ ਕੇ ਪਵਾਉਣ ਅਤੇ ਗਿਣਤੀ ਤੱਕ, ਆਟਾ-ਦਾਲ ਸਕੀਮ ਦੇ ਸਰਵੇ ਵਿਚ, ਕਰੋਨਾ ਕਾਲ ਦੌਰਾਨ ਐਮਰਜੈਂਸੀ ਡਿਊਟੀਆਂ, ਪਰਾਲ਼ੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਡਿਊਟੀਆਂ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਬਣਾਉਣ, ਮੇਲਿਆਂ ਵਿਚ ਡਿਊਟੀਆਂ ਵਰਗੇ ਨਰੇਗਾ ਤੋਂ ਇਲਾਵਾ ਵਾਧੂ ਕੰਮਾਂ ਵਿਚ ਵੀ ਨਰੇਗਾ ਮੁਲਾਜ਼ਮ ਡਿਊਟੀਆਂ ਕਰਦੇ ਰਹੇ ਹਨ, ਪ੍ਰੰਤੂ ਜਦੋਂ ਨਰੇਗਾ ਮੁਲਾਜ਼ਮ ਆਪਣੇ ਰੁਜ਼ਗਾਰ ਨੂੰ ਪੱਕਾ ਕਰਨ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਕੇਂਦਰ ਦੀ ਸਕੀਮ ਦੇ ਮੁਲਾਜ਼ਮ ਆਖ ਕੇ ਅਜੇ ਤੱਕ ਵੀ ਪੱਕਾ ਨਹੀਂ ਕੀਤਾ ਗਿਆ | ਐਕਸ਼ਨ ਕਮੇਟੀ ਦੇ.ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਚੀਮਾ ਨੇ ਕਿਹਾ ਕਿ ਮਾਨ ਸਰਕਾਰ ਵਲੋਂ ਨਵੇਂ ਬਿੱਲ ਦੇ ਵਿਰੋਧ ਵਿਚ 30 ਦਸੰਬਰ ਨੂੰ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਬੁਲਾ ਲਿਆ ਗਿਆ ਹੈ ਪਰ 'ਆਪ' ਸਰਕਾਰ ਨੂੰ ਸੱਤਾ ਵਿਚ ਲਿਆਉਣ ਲਈ ਵੱਡਾ ਯੋਗਦਾਨ ਪਾਉਣ ਵਾਲੇ ਮੁਲਾਜ਼ਮਾਂ ਬਾਰੇ ਸੂਬਾ ਸਰਕਾਰ ਇਕ ਸ਼ਬਦ ਵੀ ਨਹੀਂ ਬੋਲ ਰਹੀ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਬਿੱਲ ਸਪੈਸ਼ਲ ਇਜਲਾਸ ਵਿਚ ਲੈ ਕੇ ਆਉਣਾ ਚਾਹੀਦਾ ਹੈ ਕਿਉਂਕਿ ਨਰੇਗਾ ਮੁਲਾਜ਼ਮਾਂ ਨੇ 18 ਸਾਲ ਤੋ ਪਿੰਡਾਂ ਦਾ ਵਿਕਾਸ ਕਰਵਾਇਆ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ, ਏ.ਪੀ.ਓ. ਸੰਦੀਪ ਸਿੰਘ, ਏ.ਪੀ.ਓ. ਸੰਦੀਪ ਕੌਰ, ਏ.ਪੀ.ਓ. ਭਪਿੰਦਰ ਸਿੰਘ, ਏ.ਪੀ.ਓ. ਅਨਮੋਲਪ੍ਰੀਤ ਸਿੰਘ ਤੀਰ, ਲਖਵਿੰਦਰ ਕੁਮਾਰ ਪ੍ਰਧਾਨ ਸੀ.ਏ. ਸਤਨਾਮ ਸਿੰਘ, ਗੁਰਵਰਿਆਮ ਸਿੰਘ, ਗੁਰਸਾਹਿਬ ਸਿੰਘ, ਗੁਰਨੀਤ ਸਿੰਘ, ਗੁਰਕੀਰਤ ਸਿੰਘ, ਦਲਜਿੰਦਰ ਸਿੰਘ, ਜੋਰਿੰਦਰਪਾਲ ਸਿੰਘ, ਕਰਨਬੀਰ ਸਿੰਘ, ਮਲਵਿੰਦਰ ਸਿੰਘ, ਇੰਦਰਪ੍ਰੀਤ ਕੌਰ, ਰਣਜੀਤ ਸਿੰਘ, ਹਰਦੀਪ ਸਿੰਘ, ਕੁਲਦੀਪ ਸਿੰਘ, ਰਾਜਬੀਰ ਸਿੰਘ, ਹਰਪਾਲ ਸਿੰਘ, ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਜੋਬਨਜੀਤ ਸਿੰਘ, ਭਰਤ ਕੁਮਾਰ, ਕਰਮਵੀਰ ਸਿੰਘ, ਜਸਵੰਤ ਸਿੰਘ, ਮਨਜੀਤ ਸਿੰਘ, ਯਾਦਵਿੰਦਰ ਸਿੰਘ, ਵਰਿੰਦਰ ਸਿੰਘ, ਗੁਰਜੀਤ ਸਿੰਘ, ਅੰਮਿ੍ਤਪਾਲ ਸਿੰਘ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤਰਨ ਤਾਰਨ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਦੀ ਪ੍ਰਧਾਨਗੀ ਹੇਠ ਵੱਡੇ ਆ ਇਕੱਠ ਵਲੋਂ ਅਤੇ ਨਰੇਗਾ ਲੇਬਰ ਵਲੋਂ ਪੂਰਨ ਸੰਜੋਗ ਦਿੱਤਾ ਗਿਆ |