ਫਤਿਆਬਾਦ, 29 ਦਸੰਬਰ (ਹਰਵਿੰਦਰ ਸਿੰਘ ਧੂੰਦਾ)-ਫਿਰੌਤੀ ਦੀ ਮੰਗ ਨੂੰ ਲੈ ਕੇ ਕਸਬਾ ਫਤਿਆਬਾਦ ਵਿਖੇ ਦੋ ਅਣਪਛਾਤਿਆਂ ਵਲੋਂ ਚੋਪੜਾ ਖੇਤੀਬਾੜੀ ਸਟੋਰ 'ਤੇ ਦਿਨ ਦਿਹਾੜੇ ਗੋਲੀਆਂ ਚਲਾਈਆਂ ਗਈਆਂ | ਚੋਪੜਾ ਖੇਤੀਬਾੜੀ ਸਟੋਰ ਦੇ ਮਾਲਕ ਆਸ਼ੂ ਚੋਪੜਾ ਪੁੱਤਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸੋਮਵਾਰ ਨੂੰ ਕਰੀਬ ਸਵੇਰੇ 11 ਵਜੇ ਦੋ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਵਲੋਂ ਮਾਰ ਦੇਣ ਦੀ ਨੀਯਤ ਨਾਲ ਤਿੰਨ ਰਾਊਾਡ ਫਾਇਰ ਕੀਤੇ ਗਏ | ਪੀੜਤ ਨੇ ਦੱਸਿਆ ਕਿ ਉਸ ਕੋਲੋਂ 11 ਦਸੰਬਰ ਨੂੰ ਕਿਸੇ ਅਨਜਾਣ ਵਿਅਕਤੀ ਵਲੋਂ ਫੋਨ ਕਰਕੇ ਫਿਰੌਤੀ ਦੀ ਮੰਗ ਕੀਤੀ ਗਈ, ਜਿਸ ਤੋਂ ਬਾਅਦ ਮੁੜ 18 ਦਸੰਬਰ ਨੂੰ ਪੈਸਿਆਂ ਦੀ ਮੰਗ ਕੀਤੀ ਗਈ | ਪੀੜਤ ਆਸ਼ੂ ਚੋਪੜਾ ਨੇ ਦੱਸਿਆ ਕਿ ਫਿਰੌਤੀ ਦੀ ਮੰਗ ਕਰਨ ਵਾਲੇ ਵਲੋਂ ਪੈਸੇ ਨਾ ਦੇਣ ਦੀ ਸੂਰਤ ਵਿਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ | ਆਸ਼ੂ ਚੋਪੜਾ ਨੇ ਦੱਸਿਆ ਕਿ ਅੱਜ ਦੀ ਗੋਲੀਬਾਰੀ ਦੌਰਾਨ ਭਾਂਵੇ ਸਾਡਾ ਕੋਈ ਜਾਨੀ ਨੁਕਸਾਨ ਨਹੀ ਹੋਇਆ, ਪਰ ਸਾਡਾ ਪੂਰਾ ਪਰਿਵਾਰ ਦਹਿਸ਼ਤ ਦੇ ਮਾਹੌਲ ਵਿਚ ਹੈ | ਮੌਕਾ ਦੇਖਣ ਘਟਨਾ ਸਥਾਨ 'ਤੇ ਪਹੁੰਚੇ ਜ਼ਿਲ੍ਹਾ ਪੁਲਿਸ ਮੁਖੀ ਨੇ ਆਖਿਆ ਕਿ ਆਸ਼ੂ ਚੋਪੜਾ ਨੂੰ ਕੁੱਝ ਦਿਨ ਪਹਿਲਾਂ ਫਿਰੌਤੀ ਦੀ ਕਾਲ ਆਈ ਸੀ, ਜਿਸ ਦੇ ਚਲਦਿਆਂ ਦੋ ਅਣਪਛਾਤਿਆਂ ਵਲੋਂ ਪੀੜਤ ਦੀ ਦੁਕਾਨ 'ਤੇ ਤਿੰਨ ਗੋਲੀਆਂ ਚਲਾਈਆਂ ਗਈਆਂ | ਐਸ.ਐਸ.ਪੀ. ਨੇ ਆਖਿਆ ਕਿ ਪੁਲਿਸ ਨੂੰ ਉਕਤ ਮਾਮਲੇ ਵਿਚ ਕਈ ਸਬੂਤ ਹੱਥ ਲੱਗੇ ਹਨ | ਜਲਦ ਹੀ ਗੋਲੀਆਂ ਚਲਾਉਣ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ, ਉੱਥੇ ਹੀ ਪੀੜਤ ਨੇ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕਰਦਿਆਂ ਆਖਿਆ ਕਿ ਕਸਬੇ ਵਿਚ ਅੱਧੀ ਦਰਜਨ ਤੋਂ ਵੱਧ ਲੋਕਾਂ ਨੂੰ ਫਿਰੌਤੀ ਸੰਬੰਧੀ ਫੋਨ ਕਾਲ ਆ ਚੁੱਕੀਆਂ ਹਨ, ਜਿਸ ਕਾਰਨ ਪੂਰੇ ਕਸਬੇ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ |