ਸਰਹਾਲੀ ਕਲਾਂ, 29 ਦਸੰਬਰ (ਅਜੈ ਸਿੰਘ ਹੁੰਦਲ)-ਹਰ ਸਾਲ 30 ਦਸੰਬਰ ਤੋਂ 2 ਜਨਵਰੀ ਤੱਕ ਗੁਰਦੁਆਰਾ ਗੁਰਪੁਰੀ ਸਾਹਿਬ ਸੁਹਾਵਾ ਵਿਖੇ ਸੰਤ ਬਾਬਾ ਤਾਰਾ ਸਿੰਘ ਅਤੇ ਸੰਤ ਬਾਬਾ ਚਰਨ ਸਿੰਘ ਦੀ ਮਿੱਠੀ ਯਾਦ 'ਚ ਬਰਸੀ ਸਮਾਗਮ ਮਨਾਇਆ ਜਾਂਦਾ ਹੈ, ਜਿਸ ਵਿਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਪਹੁੰਚਦੇ ਹਨ | ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਵਲੋਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਸਲਾਨਾ ਬਰਸੀ ਸਮਾਗਮ ਦੇ ਸੰਬੰਧ ਵਿਚ ਸੰਗਤਾਂ ਦੇਸ਼ ਵਿਦੇਸ਼ ਤੋਂ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਹਨ | ਡੇਰਾ ਤਪੋਬਨ ਸਾਹਿਬ (ਨਵਾਂ ਪੜਾਅ) ਸਰਹਾਲੀ ਸਾਹਿਬ ਤੋਂ ਗੁਰਦੁਆਰਾ ਗੁਰਪੁਰੀ ਸਾਹਿਬ ਤੱਕ ਆਉਣ-ਜਾਣ ਦਾ ਬੱਸਾਂ ਤੇ ਹੋਰ ਵਹੀਕਲਾਂ ਦਾ ਪ੍ਰਬੰਧ ਕੀਤਾ ਗਿਆ ਹੈ | ਸੰਗਤ ਦੀ ਰਿਹਾਇਸ਼ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ | ਮੰਗਲਵਾਰ 30 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ | 31 ਦਸੰਬਰ ਬੁੱਧਵਾਰ ਦੀ ਰਾਤ ਨੂੰ ਰੈਣਿ ਸਬਾਈ ਕੀਰਤਨ ਹੋਵੇਗਾ, ਜਿਸ ਵਿਚ ਪੰਥ ਪ੍ਰਸਿੱਧ ਪ੍ਰਚਾਰਕ ਤੇ ਗੁਣੀ ਗਿਆਨੀ ਸੰਗਤਾਂ ਨੂੰ ਨਿਹਾਲ ਕਰਨਗੇ | ਇਸੇ ਤਰ੍ਹਾਂ ਵੀਰਵਾਰ 1 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਸਾਰਾ ਦਿਨ ਧਾਰਮਿਕ ਦੀਵਾਨ ਸਜੇਗਾ | ਵੱਖ-ਵੱਖ ਸੰਪਰਦਾਵਾਂ ਤੋਂ ਮਹਾਂਪੁਰਖ ਅਤੇ ਸਤਿਕਾਰਿਤ ਹਸਤੀਆਂ ਇਸ ਸਮਾਗਮ ਵਿਚ ਸ਼ਿਰਕਤ ਕਰਨਗੀਆਂ | ਸ਼ਾਮ ਵੇਲੇ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਘੋੜ ਦੌੜ ਹੋਵੇਗੀ ਅਤੇ ਜੰਗੀ ਕਰਤੱਵ ਦਿਖਾਏ ਜਾਣਗੇ | ਹਰ ਸਾਲ ਦੀ ਤਰ੍ਹਾਂ 2 ਜਨਵਰੀ ਨੂੰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ ਹੋਣਗੀਆਂ ਅਤੇ ਅੰਮਿ੍ਤ ਸੰਚਾਰ ਵੀ 2 ਜਨਵਰੀ ਨੂੰ ਹੀ ਹੋਵੇਗਾ | ਸ਼ੁੱਕਰਵਾਰ ਸ਼ਾਮ ਨੂੰ ਕਬੱਡੀ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ | ਸਮਾਗਮ ਦੇ ਸੰਬੰਧ ਵਿਚ ਇਲਾਕੇ ਭਰ ਦੇ ਵੱਖ-ਵੱਖ ਪਿੰਡਾਂ ਦੇ ਸੇਵਾਦਾਰਾਂ ਦੀਆਂ 24 ਘੰਟੇ ਲਈ ਡਿਊਟੀਆਂ ਵੰਡੀਆਂ ਹੋਈਆਂ ਹਨ | ਕਈ ਦਿਨਾਂ ਤੋਂ ਇਲਾਕੇ ਭਰ ਦੀਆਂ ਸੰਗਤਾਂ ਬੜੇ ਪ੍ਰੇਮ ਤੇ ਸ਼ਰਧਾ ਨਾਲ ਸੇਵਾ ਕਰ ਰਹੀਆਂ ਹਨ |