ਲੁਧਿਆਣਾ, 2 ਸਤੰਬਰ (ਜਗਮੀਤ ਸਿੰਘ)-ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਦੀ ਪਤਨੀ ਦੇ ਰਿਸ਼ਤੇਦਾਰਾਂ ਨੇ ਉਸ ਦੇ ਘਰ ਅੰਦਰ ਦਾਖਲ ਹੋ ਸਾਮਾਨ ਦੀ ਕਥਿਤ ਭੰਨਤੋੜ ਕਰਨ, ਧਮਕੀਆਂ ਦੇਣ ਅਤੇ ਕੁੱਟਮਾਰ ਕਰਨ ਦੇ ਬਾਅਦ ਉਸਦੀ ਪਤਨੀ ਨੂੰ ਜ਼ਬਰਦਸਤੀ ਆਪਣੇ ਨਾਲ ਲਿਜਾਣ ਦੇ ਚਲਦੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੀਪਕ ਕੁਮਾਰ ਵਾਸੀ ਸੰਜੇ ਗਾਂਧੀ ਕਾਲੋਨੀ, ਤਾਜਪੁਰ ਰੋਡ ਨੇ ਦੱਸਿਆ ਕਿ ਉਸ ਨੇ ਕੁੱਝ ਦਿਨ ਪਹਿਲਾਂ ਜ਼ਿਲ੍ਹਾ ਸੰਗਰੂਰ ਦੀ ਜੋਗੀ ਬਸਤੀ ਦੀ ਰਹਿਣ ਵਾਲੀ ਇਕ ਲੜਕੀ ਨਾਲ ਹਿੰਦੂ ਰੀਤੀ ਰਿਵਾਜ਼ਾਂ ਦੇ ਤਹਿਤ ਵਿਆਹ ਕਰਵਾਇਆ ਸੀ | ਇਸ ਸੰਬੰਧੀ ਉਸਨੇ ਅਦਾਲਤ 'ਚ ਸੁਰੱਖਿਆ ਨੂੰ ਲੈ ਕੇ ਅਪੀਲ ਦਾਇਰ ਕੀਤੀ ਸੀ, ਪਰ ਇਸ ਤੋਂ ਪਹਿਲਾਂ ਹੀ ਉਸ ਦੀ ਪਤਨੀ ਦੇ ਰਿਸ਼ਤੇਦਾਰ ਮਨੀ ਨੇ ਨਾਮਾਲੂਮ ਔਰਤਾਂ ਅਤੇ ਨੌਜਵਾਨਾਂ ਦੇ ਨਾਲ ਉਸ ਦੇ ਘਰ ਦਾਖਲ ਹੋ ਕੇ ਸਾਮਾਨ ਦੀ ਤੋੜਫੋੜ ਕਰ ਉਸ ਦੀ ਕੁੱਟਮਾਰ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਫਿਰ ਜ਼ਬਰਦਸਤੀ ਉਸ ਦੀ ਪਤਨੀ ਨੂੰ ਆਪਣੇ ਨਾਲ ਲੈ ਗਏ | ਥਾਣਾ ਪੁਲਿਸ ਨੇ ਮਨੀ ਅਤੇ ਉਸ ਦੇ ਨਾਮਾਲੂਮ ਸਾਥੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |