ਲੁਧਿਆਣਾ, 2 ਸਤੰਬਰ (ਡਾ. ਤਰਲੋਚਨ ਸਿੰਘ)-ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਹੜ੍ਹ ਪੀੜਤ ਜ਼ਿਲਿ੍ਹਆਂ 'ਚ ਲੋਕਾਂ ਦੀ ਸੁਰੱਖਿਆ ਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਸਿਵਲ ਸਰਜਨ ਡਾ. ਰਮਨਦੀਪ ਕੌਰ ਵਲੋਂ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਐਂਬੂਲੈਂਸਾਂ ਦੀ ਫਲੀਟ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਵਿਭਾਗ ਵਲੋਂ ਕੁੱਲ 818 ਮੈਡੀਕਲ ਟੀਮਾਂ, 458 ਰੈਪਿਡ ਰਿਸਪਾਂਸ ਟੀਮਾਂ ਅਤੇ 360 ਮੋਬਾਈਲ ਮੈਡੀਕਲ ਟੀਮਾਂ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਤਾਇਨਾਤ ਕੀਤੀਆਂ ਗਈਆਂ ਹਨ | ਹੁਣ ਤੱਕ 962 ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ, ਜਿੱਥੇ 31,876 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ | ਦਸਤ, ਗੈਸਟ੍ਰੋਐਂਟਰਾਈਟਿਸ, ਸ਼ੂਗਰ, ਬਲੱਡ ਪ੍ਰੈਸ਼ਰ, ਚਮੜੀ ਤੇ ਅੱਖਾਂ ਦੀ ਇਨਫੈਕਸ਼ਨ, ਕੁੱਤੇ ਦੇ ਕੱਟਣ ਅਤੇ ਹੋਰ ਬਿਮਾਰੀਆਂ ਦਾ ਇਲਾਜ ਇਨ੍ਹਾਂ ਕੈਂਪਾਂ ਵਿਚ ਕੀਤਾ ਜਾ ਰਿਹਾ ਹੈ | ਗਰਭਵਤੀ ਮਹਿਲਾਵਾਂ ਦੀ ਅਗਾਉਂ ਜਾਂਚ ਵੀ ਕੀਤੀ ਜਾ ਰਹੀ ਹੈ | ਸਾਰੇ ਜ਼ਿਲਿ੍ਹਆਂ ਵਿਚ ਹੜ੍ਹ ਲਈ ਚੁਣੀਆਂ ਗਈਆਂ 66 ਦਵਾਈਆਂ ਅਤੇ 21 ਖਪਤ ਸਮਾਨ ਵੱਡੀ ਮਾਤਰਾ ਵਿਚ ਉਪਲਬਧ ਹਨ ਅਤੇ ਹੋਰ ਦਵਾਈਆਂ ਦੀ ਖ਼ਰੀਦ ਲਈ ਵੱਖਰੇ ਫ਼ੰਡ ਵੀ ਜਾਰੀ ਕੀਤੇ ਗਏ ਹਨ | ਮੋਬਾਈਲ ਮੈਡੀਕਲ ਟੀਮਾਂ ਘਰ-ਘਰ ਜਾ ਕੇ ਲੋਕਾਂ ਦਾ ਇਲਾਜ ਕਰ ਰਹੀਆਂ ਹਨ | ਕੁੱਲ 11,103 ਆਸ਼ਾ ਵਰਕਰ ਲੋਕਾਂ ਨੂੰ ਪਾਣੀ ਨਾਲ ਅਤੇ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕਰ ਰਹੀਆਂ ਹਨ, ਬੁਖ਼ਾਰ ਵਾਲੇ ਮਰੀਜ਼ਾਂ ਦੀ ਜਾਂਚ ਲਈ ਉਨ੍ਹਾਂ ਨੂੰ ਮੋਬਿਲਾਈਜ਼ ਕਰ ਰਹੀਆਂ ਹਨ ਅਤੇ ਗਰਭਵਤੀ ਮਹਿਲਾਵਾਂ ਦੀ ਟਰੈਕਿੰਗ ਕਰ ਰਹੀਆਂ ਹਨ | ਹੜ੍ਹ ਪੀੜਤ ਇਲਾਕਿਆਂ ਲਈ ਵਿਭਾਗ ਨੇ 170 ਐਂਬੂਲੈਂਸਾਂ ਤਾਇਨਾਤ ਕੀਤੀਆਂ ਹਨ, ਜਦਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ, ਨਰਸਿੰਗ ਕਾਲਜਾਂ ਅਤੇ ਐਨ.ਜੀ.ਓਜ ਵਲੋਂ ਹੋਰ 254 ਐਂਬੂਲੈਂਸਾਂ ਉਪਲਬਧ ਕਰਵਾਈਆਂ ਗਈਆਂ ਹਨ | ਇਸ ਤਰ੍ਹਾਂ ਕੁੱਲ 424 ਐਂਬੂਲੈਂਸਾਂ ਚੌਵੀ ਘੰਟੇ ਪ੍ਰਭਾਵਿਤ ਇਲਾਕਿਆਂ ਵਿਚ ਕੰਮ ਕਰ ਰਹੀਆਂ ਹਨ |