ਲੁਧਿਆਣਾ, 2 ਸਤੰਬਰ (ਡਾ. ਤਰਲੋਚਨ ਸਿੰਘ)-ਸਿਹਤ ਸੇਵਾਵਾਂ ਦੇ ਖੇਤਰ 'ਚ ਐਸ.ਪੀ.ਐਸ. ਹਸਪਤਾਲ ਵਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ | ਹੁਣ ਪੰਜਾਬ ਵਿਚ ਆਏ ਹੜ੍ਹਾਂ ਦੀ ਰੋਕਥਾਮ ਅਤੇ ਹੜ੍ਹ ਪੀੜਤ ਪਰਿਵਾਰਾਂ ਦੀ ਸੁੱਖ ਸ਼ਾਂਤੀ ਲਈ ਅੱਜ ਹਸਪਤਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਤੇ ਸਟਾਫ਼ ਨੇ ਮਿਲ ਕੇ ਪੰਜਾਬ 'ਚ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ | ਇਸ ਮੌਕੇ ਡਾ. ਜੀ.ਐਲ. ਅਵਸਥੀ ਨੇ ਦੱਸਿਆ ਕਿ ਜਦੋਂ ਵੀ ਕਿਤੇ ਮੁਸੀਬਤ ਆਉਂਦੀ ਹੈ ਤਾਂ ਪੰਜਾਬੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਸਤਿਗੁਰੂ ਉਦੇ ਸਿੰਘ ਦੀ ਕਿਰਪਾ ਸਦਕਾ ਐਮ.ਡੀ. ਜੈ ਸਿੰਘ ਸੰਧੂ ਦੀ ਅਗਵਾਈ ਹੇਠ ਡਾਕਟਰਾਂ ਤੇ ਸਟਾਫ਼ ਨੇ ਅਥਾਹ ਸੇਵਾ ਕੀਤੀ | ਐਮ.ਡੀ. ਜੈ ਸਿੰਘ ਸੰਧੂ ਨੇ ਦੱਸਿਆ ਕਿ ਹੜ੍ਹ ਪੀੜਤਾਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਲਈ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪਰਮਿੰਦਰ ਬਰਾੜ ਦੀ ਨਿਗਰਾਨੀ ਹੇਠ ਡਾਕਟਰਾਂ ਦੀ ਟੀਮ ਤਿਆਰ ਕੀਤੀ ਜਾ ਰਹੀ ਹੈ, ਜੋ ਐਂਬੂਲੈਂਸ ਰਾਹੀਂ ਵੱਖ ਵੱਖ ਇਲਾਕਿਆਂ ਦਾ ਦੌਰਾ ਕਰੇਗੀ ਅਤੇ ਲੋੜਵੰਦਾਂ ਦੀ ਮੁਫ਼ਤ ਜਾਂਚ ਕਰਦੇ ਹੋਏ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦੇਵੇਗੀ | ਇਸ ਮੌਕੇ ਡਾ. ਆਰ.ਐਸ. ਭਾਟੀਆ, ਮਨਕਨਵਰ ਕੌਰ ਮਾਨ, ਸੀ.ਐਸ.ਓ. ਸਤਨਾਮ ਸਿੰਘ ਤੇ ਪੀ.ਆਰ.ਓ. ਲਖਵੀਰ ਸਿੰਘ ਬੱਦੋਵਾਲ ਵੀ ਹਾਜ਼ਰ ਸਨ |