ਲੁਧਿਆਣਾ, 2 ਸਤੰਬਰ (ਜਸਵਿੰਦਰ ਸਿੰਘ)-ਗੁਰੂ ਨਾਨਕ ਸਟੇਡੀਅਮ ਵਿਖੇ ਹੋ ਰਹੀ ਤਿੰਨ ਦਿਨਾਂ 100ਵੀਂ ਪੰਜਾਬ ਸਟੇਟ ਜੂਨੀਅਰ ਅਤੇ ਅੰਡਰ-23 ਐਥਲੈਟਿਕਸ ਚੈਂਪੀਅਨਸ਼ਿਪ ਅੱਜ ਸਮਾਪਤ ਹੋ ਗਈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸਪੋਰਟਸ ਵਿੰਗ ਦੀ ਪ੍ਰਧਾਨ ਤੇ ਖੇਡ ਪ੍ਰਮੋਟਰ ਸੋਨੀਆ ਅਲੱਗ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਚੈਂਪੀਅਨਸ਼ਿਪ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ | ਚੈਂਪੀਅਨਸ਼ਿਪ ਵਿਚ ਜਲੰਧਰ ਅਤੇ ਫ਼ਾਜ਼ਿਲਕਾ ਦੇ ਖਿਡਾਰੀਆਂ ਨੇ ਸਭ ਤੋਂ ਵੱਧ ਤਗਮੇ ਜਿੱਤ ਕੇ ਆਪਣਾ ਦਬਦਬਾ ਕਾਇਮ ਰੱਖਿਆ | ਪੰਜਾਬ ਜੂਨੀਅਰ ਅਤੇ ਅੰਡਰ-23 ਐਥਲੈਟਿਕਸ ਚੈਂਪੀਅਨਸ਼ਿਪ ਦੇ ਤੀਜੇ ਦਿਨ ਸਵੇਰੇ ਮੀਂਹ ਕਾਰਨ ਮੁਕਾਬਲੇ ਕੁੱਝ ਸਮੇਂ ਲਈ ਰੋਕ ਦਿੱਤੇ ਗਏ ਸਨ | ਹਾਲਾਂਕਿ, ਕੁੱਝ ਸਮੇਂ ਬਾਅਦ ਮੌਸਮ ਸਾਫ਼ ਹੁੰਦੇ ਹੀ ਮੁਕਾਬਲੇ ਦੁਬਾਰਾ ਸ਼ੁਰੂ ਕਰ ਦਿੱਤੇ ਗਏ | ਖਿਡਾਰੀਆਂ ਨੇ ਆਪਣਾ ਹੌਂਸਲਾ ਬਣਾਈ ਰੱਖਿਆ ਅਤੇ ਦਰਸ਼ਕਾਂ ਨੂੰ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ | ਪ੍ਰਬੰਧਕਾਂ ਨੇ ਸੁਰੱਖਿਆ ਦਾ ਪੂਰਾ ਧਿਆਨ ਰੱਖਦੇ ਹੋਏ ਮੁਕਾਬਲੇ ਸਫਲਤਾਪੂਰਵਕ ਪੂਰੇ ਕੀਤੇ | ਇਸ ਦੌਰਾਨ ਖਿਡਾਰੀਆਂ ਦੀ ਭਾਵਨਾ ਅਤੇ ਦਰਸ਼ਕਾਂ ਦੇ ਉਤਸ਼ਾਹ ਨੇ ਸਾਬਤ ਕਰ ਦਿੱਤਾ ਕਿ ਮੌਸਮ ਦੀ ਮੁਸ਼ਕਿਲ ਖੇਡ ਭਾਵਨਾ ਨੂੰ ਕਮਜ਼ੋਰ ਨਹੀਂ ਕਰ ਸਕਦੀ | ਚੈਂਪੀਅਨਸ਼ਿਪ ਦੌਰਾਨ ਖੇਡ ਪ੍ਰਮੋਟਰ ਸੋਨੀਆ ਅਲੱਗ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ | ਚੈਂਪੀਅਨਸ਼ਿਪ ਦੇ ਦੂਜੇ ਦਿਨ ਜਲੰਧਰ ਦੇ ਖਿਡਾਰੀਆਂ ਨੇ ਸਪਿ੍ੰਟ ਤੋਂ ਲੈ ਕੇ ਸ਼ਾਵਿੰਗ ਈਵੈਂਟਸ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ | ਲੜਕਿਆਂ ਦੀ 400 ਮੀਟਰ ਦੌੜ ਵਿਚ ਜਲੰਧਰ ਦੇ ਅੰਕਿਤ ਕੁਮਾਰ ਨੇ ਫਾਈਨਲ ਵਿਚ ਜਗ੍ਹਾ ਬਣਾਈ, ਜਦੋਂ ਕਿ ਹਰਸ਼ਿਤ ਬਿਬਲਾਨੀ ਨੇ ਜੈਵਲਿਨ ਥੋ੍ਰਅ ਵਿਚ 63.05 ਮੀਟਰ ਸੁੱਟ ਕੇ ਸੋਨ ਤਗਮਾ ਜਿੱਤਿਆ | ਇਸ ਦੇ ਨਾਲ ਹੀ ਤਰਨਤਾਰਨ ਅਤੇ ਹੁਸ਼ਿਆਰਪੁਰ ਦੇ ਖਿਡਾਰੀਆਂ ਨੇ ਵੀ ਸਖ਼ਤ ਮੁਕਾਬਲਾ ਦਿੱਤਾ | ਇਸ ਤੋਂ ਇਲਾਵਾ ਦੇਵਾਂਸ਼ ਜੱਗਾ ਨੇ ਡਿਸਕਸ ਥੋ੍ਰਅ ਵਿਚ 54.34 ਮੀਟਰ ਸੁੱਟ ਕੇ ਪਹਿਲਾ ਸਥਾਨ ਹਾਸਲ ਕੀਤਾ | ਫ਼ਾਜ਼ਿਲਕਾ ਦੀਆਂ ਕੁੜੀਆਂ ਨੇ ਵੀ ਜੈਵਲਿਨ ਅਤੇ ਡਿਸਕਸ ਥੋ੍ਰਅ ਵਿਚ ਤਗਮੇ ਜਿੱਤ ਕੇ ਟੀਮ ਦੇ ਕੁੱਲ ਸਕੋਰ ਨੂੰ ਮਜ਼ਬੂਤ ਕੀਤਾ | ਸੰਗਰੂਰ ਦੇ ਖਿਡਾਰੀਆਂ ਨੇ ਲੰਬੀ ਦੂਰੀ ਦੀ ਦੌੜ ਅਤੇ ਜੈਵਲਿਨ ਵਿਚ ਕਈ ਤਗਮੇ ਜਿੱਤੇ | ਪਟਿਆਲਾ ਦੀ ਜੋਤੀ ਨੇ 10,000 ਮੀਟਰ ਮਹਿਲਾ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ | ਲੁਧਿਆਣਾ ਦੇ ਕਰਨਬੀਰ ਸਿੰਘ ਨੇ ਟਿ੍ਪਲ ਜੰਪ ਵਿਚ ਅਤੇ ਕਰਨਦੀਪ ਸਿੰਘ ਨੇ 400 ਮੀਟਰ ਵਿਚ ਵਧੀਆ ਪ੍ਰਦਰਸ਼ਨ ਕੀਤਾ | ਹਾਲਾਂਕਿ, ਉਨ੍ਹਾਂ ਨੂੰ ਤਗਮੇ ਦੀ ਦੌੜ ਵਿਚ ਸਖ਼ਤ ਚੁਨੌਤੀ ਦਾ ਸਾਹਮਣਾ ਕਰਨਾ ਪਿਆ |