ਲੁਧਿਆਣਾ, 2 ਸਤੰਬਰ (ਜਸਵਿੰਦਰ ਸਿੰਘ)-ਮਹਾਂਨਗਰ ਦੇ ਗੁਰੂ ਨਾਨਕ ਸਟੇਡੀਅਮ ਸਥਿਤ ਇਨਡੋਰ ਬਾਸਕਟਬਾਲ ਕੋਰਟ ਦੇ ਅੰਦਰ 75ਵੀਂ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੀ ਸ਼ੁਰੂਆਤ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਕੀਤੀ ਗਈ | ਕੈਬਨਿਟ ਮੰਤਰੀ ਅਰੋੜਾ ਨੂੰ ਫ਼ੌਜੀ ਬੈਂਡ ਦੀਆਂ ਧੁਨਾਂ 'ਤੇ ਸਵਾਗਤ ਕਰਦਿਆਂ ਗੰਦਗੀ ਵਾਲਾ ਆਲਾ ਦੁਆਲਾ ਦਿਖਾਏ ਬਿਨਾਂ ਸਿੱਧਾ ਹੀ ਬਾਸਕਟਬਾਲ ਕੋਰਟ ਦੇ ਅੰਦਰ ਲਿਜਾਇਆ ਗਿਆ | ਇਸ ਦੌਰਾਨ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਅਸ਼ੋਕ ਪੱਪੀ ਪਰਾਸ਼ਰ, ਮੇਅਰ ਇੰਦਰਜੀਤ ਕੌਰ ਅਤੇ ਹੋਰ ਕਈ ਅਧਿਕਾਰੀ ਮੌਜੂਦ ਸਨ | ਵਿਹੜੇ ਆਈ ਜੰਞ ਵਿੰਨੋ੍ਹ ਕੁੜੀ ਦੇ ਕੰਨ ਦੀ ਕਹਾਵਤ ਉੱਪਰ ਖਰੇ ਉਤਰਦੇ ਹੋਏ ਪ੍ਰਸ਼ਾਸਨ ਵਲੋਂ ਅੱਜ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਆਉਣ ਤੋਂ ਕੁੱਝ ਸਮਾਂ ਪਹਿਲਾਂ ਪਹਿਲਾਂ ਸਾਫ਼ ਸਫ਼ਾਈ ਦੇ ਪ੍ਰਬੰਧ ਕਰਨੇ ਸ਼ੁਰੂ ਕੀਤੇ ਗਏ ਜੋ ਕਿ ਫਿਰ ਵੀ ਮੁਕੰਮਲ ਨਹੀਂ ਹੋ ਸਕੇ | ਗੇਟ ਦੇ ਨਾਲ ਬਣਿਆ ਹੋਇਆ ਪਾਰਕ ਪਿਛਲੇ ਕਈ ਮਹੀਨਿਆਂ ਤੋਂ ਗੰਦਗੀ ਨਾਲ ਭਰਿਆ ਹੋਇਆ ਹੈ | ਰੋਜ਼ਾਨਾ ਅਭਿਆਸ ਕਰਨ ਆਉਣ ਵਾਲੇ ਖਿਡਾਰੀਆਂ ਅਤੇ ਮਾਤਾ-ਪਿਤਾ ਨੂੰ ਆਪਸ ਵਿਚ ਗੱਲ ਕਰਦਿਆਂ ਸੁਣਿਆ ਕਿ ਸ਼ੁਕਰ ਹੈ ਕੁੱਝ ਨਾ ਕੁੱਝ ਤਾਂ ਸਫ਼ਾਈ ਹੋਈ | ਕਹਿਣ ਨੂੰ ਅੰਤਰਰਾਸ਼ਟਰੀ ਪੱਧਰ ਦੇ ਬਣੇ ਬਾਸਕਟਬਾਲ ਕੋਰਟ ਦੀ ਛੱਤ ਚੋਣ ਅਤੇ ਹੋਰ ਕਮੀਆਂ ਖ਼ਾਮੀਆਂ ਬਾਰੇ ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਕੁਲਵੰਤ ਸਿੰਘ ਸਿੱਧੂ ਨਾਲ ਗੱਲ ਕਰਕੇ ਜਾਣੂ ਕਰਾਇਆ ਤਾਂ ਉਨ੍ਹਾਂ ਕਿਹਾ ਕਿ ਟੂਰਨਾਮੈਂਟ ਖ਼ਤਮ ਹੋਣ ਤੋਂ ਬਾਅਦ ਠੇਕੇਦਾਰ ਖ਼ਿਲਾਫ਼ ਜ਼ਰੂਰ ਬਣਦੀ ਕਾਰਵਾਈ ਕੀਤੀ ਜਾਵੇਗੀ | ਡੀ.ਸੀ. ਅਤੇ ਨਗਰ ਨਿਗਮ ਕਮਿਸ਼ਨਰ ਕੋਲੋਂ ਇਸ ਮਾਮਲੇ ਵਿਚ ਅੱਜ ਹੀ ਰਿਪੋਰਟ ਮੰਗੀ ਜਾਵੇਗੀ | ਜ਼ਿਕਰ ਯੋਗ ਹੈ ਕਿ ਇਸ ਨੈਸ਼ਨਲ ਚੈਂਪੀਅਨਸ਼ਿਪ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ, ਆਰਗੇਨਾਈਜ਼ਿੰਗ ਸਕੱਤਰ ਡੀ.ਸੀ.ਪੀ. ਪਰਮਿੰਦਰ ਸਿੰਘ ਭਡਾਲ ਅਤੇ ਉਨ੍ਹਾਂ ਦੀ ਟੀਮ ਹਰ ਸੰਭਵ ਉਪਰਾਲੇ ਕਰਦੀ ਨਜ਼ਰ ਆਈ |