ਭਾਮੀਆਂ ਕਲਾਂ/ ਲੁਧਿਆਣਾ, 2 ਸਤੰਬਰ (ਜਤਿੰਦਰ ਭੰਬੀ)-ਕੈਬਨਿਟ ਮੰਤਰੀ ਸੰਜੀਵ ਅਰੋੜਾ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੰਗਲਵਾਰ ਨੂੰ ਧੁੱਸੀ ਬੰਨ੍ਹ ਵਿਖੇ ਸਥਿਤੀ ਦਾ ਜਾਇਜ਼ਾ ਲੈਣ ਲਈ ਪਿੰਡ ਸਸਰਾਲੀ ਕਲੋਨੀ ਦਾ ਦੌਰਾ ਕੀਤਾ | ਇਸ ਮੌਕੇ ਧੁੱਸੀ ਬੰਨ੍ਹ ਦਾ ਨਿਰੀਖਣ ਕਰਨ ਤੋਂ ਬਾਅਦ ਉਦਯੋਗ ਮੰਤਰੀ ਅਤੇ ਡਿਪਟੀ ਕਮਿਸ਼ਨਰ ਨੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਦਰਿਆ ਦਾ ਪਾਣੀ ਬੰਨ੍ਹ ਦੇ ਪੱਧਰ ਤੋਂ ਕਾਫ਼ੀ ਹੇਠਾਂ ਹੈ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਢਾਂਚੇ ਨੂੰ ਮਜ਼ਬੂਤ ਕਰਨ ਲਈ ਜੰਗੀ ਪੱਧਰ 'ਤੇ ਮਜ਼ਬੂਤੀ ਦੇ ਯਤਨ ਜਾਰੀ ਹਨ | ਜਲਿ੍ਹਾ ਪ੍ਰਸ਼ਾਸਨ ਨੇ ਹੜ੍ਹ ਦੇ ਜੋਖਮਾਂ ਨੂੰ ਘਟਾਉਣ ਅਤੇ ਨਿਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਆਪਕ ਉਪਾਅ ਕੀਤੇ ਜਾ ਰਹੇ ਹਨ | ਜਿਸ ਵਿਚ ਰੋਪੜ ਅਤੇ ਹਿਮਾਚਲ ਪ੍ਰਦੇਸ਼ ਤੋਂ ਪ੍ਰਾਪਤ ਇੱਕ ਲੱਖ ਰੇਤ ਦੀਆਂ ਬੋਰੀਆਂ ਅਤੇ ਕਾਫ਼ੀ ਪੱਥਰ ਦੀ ਸਪਲਾਈ ਸ਼ਾਮਲ ਹੈ | ਕਈ ਵਿਭਾਗਾਂ ਦੀਆਂ ਸਮਰਪਿਤ ਟੀਮਾਂ ਲੁਧਿਆਣਾ ਵਿੱਚ ਬੰਨ੍ਹ ਦੇ ਨਾਲ-ਨਾਲ ਨਾਜ਼ੁਕ ਥਾਵਾਂ 'ਤੇ ਤਾਇਨਾਤ ਹਨ, ਜੋ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ 24 ਘੰਟੇ ਨਿਗਰਾਨੀ ਰੱਖ ਰਹੀਆਂ ਹਨ | ਉਨ੍ਹਾਂ ਅੱਗੇ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਦੀ ਸਹਾਇਤਾ ਲਈ ਪ੍ਰਸ਼ਾਸਨ ਨੇ ਫਸਲਾਂ ਦੇ ਨੁਕਸਾਨ ਦਾ ਡੂੰਘਾਈ ਨਾਲ ਮੁਲਾਂਕਣ ਕਰਨ ਦੇ ਹੁਕਮ ਦਿੱਤੇ ਹਨ ਅਤੇ ਸਥਿਤੀ ਸਥਿਰ ਹੋਣ 'ਤੇ ਪੂਰਾ ਮੁਆਵਜ਼ਾ ਦੇਣ ਦੀ ਵਚਨਬੱਧਤਾ ਨੂੰ ਦੁਹਰਾਇਆ | ਇਸ ਮੌਕੇ ਉਨ੍ਹਾਂ ਪਿੰਡ ਦੇ ਲੋਕਾਂ ਅਤੇ ਯੂਥ ਕਲੱਬ ਦੇ ਨੌਜਵਾਨਾਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਵੀ ਕੀਤਾ |