ਲੁਧਿਆਣਾ, 2 ਸਤੰਬਰ (ਜਗਮੀਤ ਸਿੰਘ)-ਆਮਦਨ ਕਰ ਵਿਭਾਗ ਦੀਆਂ ਟੀਮਾਂ ਵਲੋਂ ਕਰ ਚੋਰੀ ਦੇ ਸ਼ੱਕ 'ਚ ਪ੍ਰਾਪਰਟੀ ਦੇ ਕਾਰੋਬਾਰ ਨਾਲ ਜੁੜੇ ਕੁੱਝ ਕਲੋਨਾਈਜ਼ਰਾਂ ਅਤੇ ਸ਼ਹਿਰ ਦੇ ਘੰਟਾ ਘਰ ਨੇੜੇ ਸਥਿਤ ਪ੍ਰਸਿੱਧ ਮੋਬਾਈਲ ਸ਼ਾਪ ਉਪਰ ਭਾਰੀ ਪੁਲਿਸ ਬਲ ਦੇ ਨਾਲ ਛਾਪੇਮਾਰੀ ਕਰਦੇ ਹੋਏ ਜਾਂਚ ਕੀਤੀ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਦੀਆਂ ਟੀਮਾਂ ਨੇ ਮੰਗਲਵਾਰ ਦੀ ਸਵੇਰ ਤੋਂ ਹੀ ਸ਼ਹਿਰ ਦੇ ਨਾਮੀ ਪ੍ਰਮੋਟਰ ਗਰੁੱਪ ਨਾਲ ਸਬੰਧਿਤ ਭਾਈਵਾਲਾਂ ਦੇ ਰਿਹਾਇਸ਼ੀ ਅਤੇ ਕਾਰੋਬਾਰੀ ਟਿਕਾਣਿਆਂ ਉਪਰ ਛਾਪੇਮਾਰੀ ਕਰਕੇ ਜਾਂਚ ਕੀਤੀ ਜਾ ਰਹੀ ਸੀ | ਇਸ ਦੌਰਾਨ ਹੀ ਜਾਂਚ ਟੀਮਾਂ ਵਲੋਂ ਘੰਟਾ ਘਰ ਚੌਕ ਦੇ ਨੇੜੇ ਸਥਿਤ ਐਨ.ਕੇ. ਗੈਲਰੀ ਦੀ ਦੁਕਾਨ ਅਤੇ ਘੁਮਾਰ ਮੰਡੀ ਸਥਿਤ ਦਫ਼ਤਰ 'ਤੇ ਛਾਪੇਮਾਰੀ ਕਰਦੇ ਹੋਏ ਦੇਰ ਸ਼ਾਮ ਤੱਕ ਜਾਂਚ ਜਾਰੀ ਸੀ | ਪੂਰਾ ਦਿਨ ਛਾਪੇਮਾਰੀ ਦੌਰਾਨ ਨਾ ਤਾਂ ਕਿਸੇ ਗਾਹਕ ਨੂੰ ਦੁਕਾਨ ਅੰਦਰ ਆਉਣ ਦਿੱਤਾ ਗਿਆ ਅਤੇ ਨਾ ਹੀ ਕਿਸੇ ਕਰਮਚਾਰੀ ਨੂੰ ਬਾਹਰ ਜਾਣ ਦਿੱਤਾ ਗਿਆ | ਜਾਂਚ ਟੀਮਾਂ ਵਲੋਂ ਕਾਗਜ਼ਾਤਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਸੀ |