ਲੁਧਿਆਣਾ, 2 ਸਤੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂ ਹਸਪਤਾਲ ਵਿਖੇ ਕਾਰਜਸ਼ੀਲ ਡਾਇਲੈਸਿਸ ਇਕਾਈ ਨੂੰ ਭਾਰਤੀ ਖੇਤੀ ਖੋਜ ਪਰਿਸ਼ਦ ਵਲੋਂ ਇਕ ਪ੍ਰੋਜੈਕਟ ਅਧੀਨ 41 ਲੱਖ ਰੁਪਏ ਦੀ ਵਿੱਤੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ | ਇਸ ਪ੍ਰੋਜੈਕਟ ਅਧੀਨ ਇਸ ਇਕਾਈ ਨੂੰ ਇਕ ਵਿੱਦਿਅਕ ਕੇਂਦਰ ਵਜੋਂ ਸਥਾਪਿਤ ਕੀਤਾ ਜਾਏਗਾ, ਜਿਸ ਵਿਚ ਪ੍ਰਯੋਗੀ ਸਿੱਖਿਆ ਪ੍ਰਦਾਨ ਕੀਤੀ ਜਾਏਗੀ | ਇਸ ਪ੍ਰੋਜੈਕਟ ਦੇ ਮੁੱਖ ਨਿਰੀਖਕ ਡਾ. ਰਣਧੀਰ ਸਿੰਘ, ਇੰਚਾਰਜ ਡਾਇਲੈਸਿਸ ਇਕਾਈ ਅਤੇ ਸਹਿ-ਨਿਰੀਖਕ ਡਾ. ਗੁਰਪ੍ਰੀਤ ਸਿੰਘ, ਡਾ. ਰਾਜਸੁਖਬੀਰ ਸਿੰਘ ਅਤੇ ਡਾ. ਸਵਰਨ ਸਿੰਘ ਰੰਧਾਵਾ ਹੋਣਗੇ | ਇਸ ਵਿੱਤੀ ਰਾਸ਼ੀ ਨਾਲ ਕੁੱਤਿਆਂ ਦੇ ਗੁਰਦਿਆਂ ਦੇ ਉਨਤ ਇਲਾਜ ਦੀਆਂ ਤਕਨੀਕਾਂ 'ਤੇ ਕੰਮ ਕੀਤਾ ਜਾਏਗਾ, ਜੋ ਕਿ ਆਲਮੀ ਪੱਧਰ ਦੇ ਮਿਆਰਾਂ ਮੁਤਾਬਿਕ ਹੋਏਗਾ | ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਸ ਟੀਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਨਵੀਨਕਾਰੀ ਕੰਮ ਕਰਨ ਅਤੇ ਪਾਲਤੂ ਜਾਨਵਰਾਂ ਲਈ ਹੋਰ ਉਨਤ ਡਾਇਲੈਸਿਸ ਸਹੂਲਤਾਂ ਦੇਣਾ ਵਕਤ ਦੀ ਲੋੜ ਹੈ | ਡਾ. ਸੰਜੀਵ ਕੁਮਾਰ ਉੱਪਲ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਕਿਹਾ ਕਿ ਇਸ ਇਕਾਈ ਨੂੰ ਮਜ਼ਬੂਤ ਕਰਕੇ ਭਾਰਤ ਵਿਚ ਜਾਨਵਰਾਂ ਦੇ ਗੁਰਦਾ ਰੋਗਾਂ ਸੰਬੰਧੀ ਅਤੇ ਡਾਇਲੈਸਿਸ ਕਿਰਿਆਵਾਂ ਪ੍ਰਤੀ ਅਭਿਆਸ ਨੂੰ ਹੋਰ ਬਿਹਤਰ ਕੀਤਾ ਜਾਏਗਾ | ਡਾ. ਸਵਰਨ ਸਿੰਘ ਰੰਧਾਵਾ, ਡੀਨ, ਕਾਲਜ ਆਫ਼ ਵੈਟਰਨਰੀ ਸਾਇੰਸ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਕਾਰਜਸ਼ਾਲਾਵਾਂ ਲਗਾ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੱਥੀਂ ਗਿਆਨ ਪ੍ਰਦਾਨ ਕੀਤਾ ਜਾਏਗਾ | ਡਾ. ਜਤਿੰਦਰ ਮੋਹਿੰਦਰੂ, ਨਿਰਦੇਸ਼ਕ ਪਸ਼ੂ ਹਸਪਤਾਲ ਨੇ ਕਿਹਾ ਕਿ ਇਹ ਭਾਰਤ ਅਤੇ ਇਸ ਤੋਂ ਬਾਹਰ ਜਾਨਵਰਾਂ ਦੇ ਗੁਰਦਿਆਂ ਦੀ ਦੇਖਭਾਲ ਅਤੇ ਸਿੱਖਿਆ ਨੂੰ ਤਬਦੀਲ ਕਰਨ ਵਾਲਾ ਇਕ ਮਹੱਤਵਪੂਰਨ ਕਦਮ ਰਹੇਗਾ |