ਲੁਧਿਆਣਾ, 3 ਸਤੰਬਰ (ਜਗਮੀਤ ਸਿੰਘ)-ਭਾਰੀ ਮੀਂਹ ਕਾਰਨ ਟਿੱਬਾ ਰੋਡ 'ਤੇ ਸਥਿਤ ਪੁਨੀਤ ਨਗਰ 'ਚ ਘਰ ਦੀ ਛੱਤ ਡਿਗਣ ਨਾਲ ਹੋਈ 8 ਸਾਲਾ ਬੱਚੇ ਵਿਕਾਸ ਕੁਮਾਰ ਝਾਅ ਦੀ ਮੌਤ ਦੇ ਬਾਅਦ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮਿ੍ਤਕ ਵਿਕਾਸ ਦੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ | ਡਿਪਟੀ ਕਮਿਸ਼ਨਰ ਅਤੇ ਵਿਧਾਇਕ ਨੇ ਮਿ੍ਤਕ ਦੇ ਪਰਿਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ | ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਜਲਦੀ ਹੀ ਪਰਿਵਾਰ ਨੂੰ 4 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਰਾਸ਼ੀ ਦੇਵੇਗੀ | ਇਸ ਤੋਂ ਇਲਾਵਾ ਪਰਿਵਾਰ ਨੂੰ ਅਸਥਾਈ ਤੌਰ 'ਤੇ ਢੁਕਵੀਂ ਜਗ੍ਹਾ 'ਤੇ ਤਬਦੀਲ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ, 'ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਡਟ ਕੇ ਖੜ੍ਹੇ ਹਨ ਅਤੇ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹਨ | ਵਿਧਾਇਕ ਗਰੇਵਾਲ ਅਤੇ ਡੀ.ਸੀ ਜੈਨ ਨੇ ਇਲਾਕੇ 'ਚ ਨੁਕਸਾਨੇ ਗਏ ਘਰਾਂ ਦਾ ਵਿਆਪਕ ਸਰਵੇਖਣ ਕਰਨ ਦੇ ਵੀ ਆਦੇਸ਼ ਦਿੱਤੇ | ਨਗਰ ਨਿਗਮ ਅਤੇ ਹੋਰ ਸੰਬੰਧਿਤ ਵਿਭਾਗਾਂ ਦੀ ਇੱਕ ਟੀਮ ਤੁਰੰਤ ਸਰਵੇਖਣ ਕਰੇਗੀ, ਇਹ ਯਕੀਨੀ ਬਣਾਏਗੀ ਕਿ ਸਾਰੇ ਪ੍ਰਭਾਵਿਤ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਮਿਲੇ | ਪ੍ਰਸ਼ਾਸਨ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਭੋਜਨ ਰਾਸ਼ਨ ਵੀ ਪ੍ਰਦਾਨ ਕਰੇਗਾ |
ਛੱਤ ਡਿਗਣ ਨਾਲ 8 ਸਾਲਾ ਬੱਚੇ ਦੀ ਹੋਈ ਮੌਤ ਦਾ ਮਾਮਲਾ <br> ਡਿਪਟੀ ਕਮਿਸ਼ਨਰ ਅਤੇ ਵਿਧਾਇਕ ਮਿ੍ਤਕ ਬੱਚੇ ਦੇ ਪਰਿਵਾਰ ਨੂੰ ਮਿਲੇ <br/>
ਅਜੀਤ ਡੈਸਕ
04-09-2025