ਲੁਧਿਆਣਾ, 5 ਸਤੰਬਰ (ਜਗਮੀਤ ਸਿੰਘ)-ਬੀਤੇ ਦਿਨੀਂ ਭਾਰੀ ਮੀਂਹ ਦੇ ਚੱਲਦੇ ਬੁੱਢੇ ਦਰਿਆ ਦੇ ਓਵਰਫ਼ਲੋ ਹੋਣ ਦੇ ਬਾਅਦ ਜ਼ਿਲ੍ਹਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਰੰਗਾਈ ਉਦਯੋਗਾਂ ਅਤੇ ਪਿੰ੍ਰਟਿੰਗ ਇਕਾਈਆਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਦਿੱਤੇ ਗਏ ਹੁਕਮਾਂ ਦੇ ਬਾਅਦ ਚੁੱਪਚਾਪ ਇਨ੍ਹਾਂ ਹੁਕਮਾਂ ਨੂੰ ਵਾਪਸ ਲੈਣ ਅਤੇ ਰੰਗਾਈ ਉਦਯੋਗਾਂ ਨੂੰ ਚਾਲੂ ਕਰਨ ਦੇ ਦਿੱਤੇ ਗਏ ਹੁਕਮਾਂ ਦਾ 'ਟੀਮ ਕਾਲੇ ਪਾਣੀ ਦਾ ਮੋਰਚਾ' ਵਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਹੈ | ਇਸ ਮੁੱਦੇ ਨੂੰ ਲੈ ਕੇ ਕਾਲੇ ਪਾਣੀ ਦਾ ਮੋਰਚਾ ਟੀਮ ਵਲੋਂ ਤਾਜਪੁਰ ਰੋਡ ਉਪਰ ਬਾਲਾਜੀ ਪੁਲੀ ਦੇ ਨੇੜੇ ਫੋਕਲ ਪੁਆਇੰਟ 40 ਐਮ.ਐਲ.ਡੀ. ਟ੍ਰੀਟਮੈਂਟ ਪਲਾਂਟ ਅਤੇ ਤਾਜਪੁਰ ਰੋਡ 50 ਐਮ.ਐਲ.ਡੀ. ਟ੍ਰੀਟਮੈਂਟ ਪਲਾਂਟ ਦਾ ਸੋਧਿਆ ਹੋਇਆ ਪਾਣੀ ਬੁੱਢੇ ਦਰਿਆ 'ਚ ਪਾਏ ਜਾਣ ਵਾਲੇ ਪੁਆਇੰਟ ਉਪਰ ਇਕ ਪੈੱ੍ਰਸ ਕਾਨਫ਼ਰੰਸ ਕੀਤੀ ਗਈ, ਜਿੱਥੇ ਰੰਗਾਈ ਉਦਯੋਗਾਂ ਦੇ 50 ਐਮ.ਐਲ.ਡੀ. ਸੀ.ਈ.ਟੀ.ਪੀ. ਦੇ ਡਾਇਰੈਕਟਰ ਪਹੁੰਚ ਗਏ ਅਤੇ ਦੋਵਾਂ ਧਿਰਾਂ ਵਿਚਾਲੇ ਮਾਮਲਾ ਕਾਫ਼ੀ ਗਰਮਾ ਗਿਆ | ਇਸ ਮੌਕੇ ਟੀਮ ਕਾਲੇ ਪਾਣੀ ਦਾ ਮੋਰਚਾ ਦੇ ਮੈਂਬਰਾਂ ਫ਼ਿਲਮਕਾਰ ਅਮਿਤੋਜ਼ ਮਾਨ, ਲੱਖਾ ਸਿੰਘ ਸਿਧਾਣਾ, ਇੰਜੀਨੀਅਰ ਜਸਕੀਰਤ ਸਿੰਘ, ਡਾ. ਅਮਨਦੀਪ ਸਿੰਘ ਬੈਂਸ, ਇੰਜੀਨੀਅਰ ਕਪਿਲ ਅਰੋੜਾ, ਕੁਲਦੀਪ ਸਿੰਘ ਖਹਿਰਾ ਅਤੇ ਹੋਰ ਸਾਥੀਆ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੰਗਾਈ ਉਦਯੋਗਾਂ ਵਲੋਂ ਕਥਿਤ ਮਿਲੀਭੁਗਤ ਕਰਕੇ ਕੌਮੀ ਗ੍ਰੀਨ ਟਿ੍ਬਿਊਨਲ ਦੇ ਹੁਕਮਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ | ਬੀਤੇ ਦਿਨੀਂ ਡਿਪਟੀ ਕਮਿਸ਼ਨਰ ਵਲੋਂ ਰੰਗਾਈ ਉਦਯੋਗਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ, ਪਰ ਫਿਰ ਬਾਅਦ 'ਚ ਭੱਟੀਆਂ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਚਾਲੂ ਹੋਣ ਦੀ ਗੱਲ ਕਹਿ ਕੇ ਰੰਗਾਈ ਉਦਯੋਗਾਂ ਨੂੰ ਖੋਲ੍ਹਣ ਦੇ ਹੁਕਮ ਦੇ ਦਿੱਤੇ | ਮੋਰਚੇ ਦੇ ਮੈਂਬਰਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੀ.ਈ.ਟੀ. ਪੀਜ਼ ਨੂੰ ਮੁੜ ਸ਼ੁਰੂ ਕਰਨਾ ਐਨ.ਜੀ.ਟੀ. ਦੇ ਹੁਕਮਾਂ ਦਾ ਸਿੱਧਾ ਉਲੰਘਣ ਹੈ | ਮੋਰਚੇ ਦੇ ਮੈਂਬਰਾਂ ਦੀ ਪੈੱ੍ਰਸ ਕਾਨਫ਼ਰੰਸ ਦੌਰਾਨ ਮੌਕੇ 'ਤੇ ਪਹੁੰਚੇ ਸੀ.ਈ.ਟੀ.ਪੀ. ਦੇ ਡਾਇਰੈਕਟਰ ਕਮਲ ਚੌਹਾਨ ਨੇ ਕਿਹਾ ਕਿ ਉਨ੍ਹਾਂ ਦੀਆਂ ਰੰਗਾਈ ਇਕਾਈਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦਕਿ ਉਹ ਪਾਣੀ ਸੋਧਣ ਦੇ ਬਾਅਦ ਬੁੱਢੇ ਦਰਿਆ 'ਚ ਸੁੱਟਦੇ ਹਨ, ਪਰ ਸ਼ਹਿਰ 'ਚ ਲੱਗੀਆਂ ਇਲੈਕਟਰੋਪਲੇਟਿੰਗ ਇਕਾਈਆਂ ਬਾਰੇ ਮੋਰਚੇ ਵਲੋਂ ਕੋਈ ਗੱਲ ਨਹੀਂ ਕੀਤੀ ਜਾਂਦੀ | ਇਸ ਤੋਂ ਬਿਨਾਂ ਸ਼ਹਿਰ ਦੇ ਜ਼ਿਆਦਾਤਰ ਨਿੱਜੀ ਹਸਪਤਾਲਾਂ ਦਾ ਮੈਡੀਕਲ ਰਹਿੰਦ-ਖੰੂਹਦ ਕਿੱਥੇ ਅਤੇ ਕਿਵੇਂ ਨਸ਼ਟ ਕੀਤਾ ਜਾਂਦਾ ਹੈ, ਇਸ ਬਾਰੇ ਵੀ ਕੋਈ ਬੋਲਣ ਲਈ ਤਿਆਰ ਨਹੀਂ ਹੈ, ਜੋ ਵਾਤਾਵਰਨ ਲਈ ਸਭ ਤੋਂ ਜ਼ਿਆਦਾ ਖ਼ਤਰਨਾਕ ਹੈ | ਇਸ ਦੌਰਾਨ ਦੋਵਾਂ ਧਿਰਾਂ ਦੇ ਮੈਂਬਰਾਂ ਵਿਚਾਲੇ ਤਿੱਖੀ ਤਕਰਾਰ ਵੀ ਦੇਖਣ ਨੂੰ ਮਿਲੀ |