ਲੁਧਿਆਣਾ, 6 ਸਤੰਬਰ (ਜਤਿੰਦਰ ਭੰਬੀ)-ਐਸੋਸੀਏਸ਼ਨ ਆਫ਼ ਲੁਧਿਆਣਾ ਮਸ਼ੀਨ ਟੂਲ ਇੰਡਸਟਰੀਜ਼ ਦੇ ਇਕ ਉਚ-ਪੱਧਰੀ ਵਫ਼ਦ ਨੇ ਫੋਕਲ ਪੁਆਇੰਟ ਕੰਪਲੈਕਸ ਲੁਧਿਆਣਾ ਵਿਖੇ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਦਾ ਦੌਰਾ ਕੀਤਾ ਤਾਂ ਜੋ ਇਸਦੇ ਸੰਚਾਲਨ, ਪਹਿਲਕਦਮੀਆਂ ਅਤੇ ਉਨਤ ਤਕਨੀਕੀ ਬੁਨਿਆਦੀ ਢਾਂਚੇ ਦੀ ਪੜਚੋਲ ਕੀਤੀ ਜਾ ਸਕੇ | ਵਫ਼ਦ ਦੀ ਅਗਵਾਈ ਐਸੋਸੀਏਸ਼ਨ ਆਫ ਲੁਧਿਆਣਾ ਮਸ਼ੀਨ ਟੂਲ ਇੰਡਸਟਰੀ ਦੇ ਪ੍ਰਧਾਨ ਤਰਲੋਚਨ ਸਿੰਘ ਨੇ ਕੀਤੀ, ਜਿਸ ਵਿਚ ਸੁਸ਼ੀਲ ਕੁਮਾਰ, ਕਮਲਜੀਤ ਸਿੰਘ (ਸੀਨੀਅਰ ਮੀਤ ਪ੍ਰਧਾਨ), ਮਹਿੰਦਰ ਸਿੰਘ (ਸੰਯੁਕਤ ਵਿੱਤ ਸਕੱਤਰ) ਅਤੇ ਹੋਰ ਕਈ ਪ੍ਰਮੁੱਖ ਮੈਂਬਰ ਸ਼ਾਮਿਲ ਸਨ | ਇਸ ਮੌਕੇ ਵਫ਼ਦ ਮੈਂਬਰਾਂ ਨੇ ਸੀਸੂ ਦੇ ਚੱਲ ਰਹੇ ਉਦਯੋਗਿਕ ਅਤੇ ਤਕਨੀਕੀ ਪਹਿਲਕਦਮੀਆਂ ਵਿਚ ਡੂੰਘੀ ਦਿਲਚਸਪੀ ਦਿਖਾਈ | ਐਸੋਸੀਏਸ਼ਨ ਆਫ ਲੁਧਿਆਣਾ ਮਸ਼ੀਨ ਟੂਲ ਇੰਡਸਟਰੀ ਦੇ ਵਫ਼ਦ ਵਲੋਂ ਮੈਂਬਰਾਂ ਵਲੋਂ ਸੈਂਟਰ ਆਫ਼ ਐਕਸੀਲੈਂਸ, ਰਿਵਰਸ ਇੰਜੀਨੀਅਰਿੰਗ ਲੈਬ, ਅਤਿ ਆਧੁਨਿਕ ਲੈਬ 'ਚੋਂ ਟੀਮ ਨੇ ਉਦਯੋਗਿਕ ਨਵੀਨਤਾ, ਹੁਨਰ ਵਿਕਾਸ ਅਤੇ ਉਪਯੋਗੀ ਖੋਜ ਨੂੰ ਉਤਸ਼ਾਹਿਤ ਕਰਨ ਵਿਚ ਸੀਸੂ ਦੁਆਰਾ ਕੀਤੇ ਗਏ ਯਤਨਾਂ ਲਈ ਸ਼ਲਾਘਾ ਕੀਤੀ | ਇਸ ਮੌਕੇ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਅਤੇ ਜਨਰਲ ਸਕੱਤਰ ਹਨੀ ਸੇਠੀ ਨੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ, ਜਿਨ੍ਹਾਂ ਨੇ ਮਿਸ਼ਨ, ਸੇਵਾਵਾਂ, ਐਮ.ਐਸ.ਐਮ.ਈਜ ਅਤੇ ਵੱਡੇ ਪੱਧਰ ਦੇ ਉਦਯੋਗਾਂ ਨੂੰ ਇਸ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਵਿਆਪਕ ਸਮਰਥਨ ਬਾਰੇ ਜਾਣਕਾਰੀ ਸਾਂਝੀ ਕੀਤੀ | ਦੋਵਾਂ ਸੰਗਠਨਾਂ ਨੇ ਲੁਧਿਆਣਾ ਵਿਚ ਮਸ਼ੀਨ ਟੂਲ ਸੈਕਟਰ ਲਈ ਨਵੀਨਤਾ, ਹੁਨਰ ਵਧਾਉਣ ਅਤੇ ਆਪਸੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਭਵਿੱਖ ਦੇ ਸਹਿਯੋਗ ਦੀ ਸੰਭਾਵਨਾ ਨੂੰ ਸਵੀਕਾਰ ਕੀਤਾ |