ਲੁਧਿਆਣਾ, 6 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਨੀਵਾਰ ਸਵੇਰੇ ਤੜਕੇ ਹੋਈ ਭਾਰੀ ਬਰਸਾਤ ਨੇ ਇਕ ਵਾਰ ਫਿਰ ਬੁੱਢੇ ਨਾਲ ਦੇ ਪੱਧਰ ਨੂੰ ਵਧਾ ਦਿੱਤਾ, ਜਿਸ ਨਾਲ ਪਿਛਲੇ ਦਿਨਾਂ ਦੀ ਤਰ੍ਹਾਂ ਹੀ ਫਿਰ ਨਾਲੇ ਦੇ ਓਵਰਫਲੋ ਹੋਣ ਦਾ ਖਤਰਾ ਮੰਡਰਾਉਣ ਲੱਗਾ, ਜਿਸ 'ਤੇ ਨਗਰ ਨਿਗਮ ਪ੍ਰਸ਼ਾਸਨ ਫਿਰ ਪਹਿਲਾਂ ਦੀ ਤਰ੍ਹਾਂ ਕੁੰਭਕਰਨੀ ਨੀਂਦ ਤੋਂ ਜਾਗਿਆ ਤੇ ਇਸ ਦੇ ਅਧਿਕਾਰੀ ਤੇ ਕਰਮਚਾਰੀ ਬੁੱਢੇ ਨਾਲੇ ਦੇ ਕਿਨਾਰਿਆਂ 'ਤੇ ਆਪਣਾ ਸਾਜੋ ਸਾਮਾਨ ਲੈ ਕੇ ਪੁੱਜ ਗਏ ਤੇ ਬੱੁਢੇ ਨਾਲੇ ਦੇ ਕਿਨਾਰਿਆਂ 'ਤੇ ਜਿੱਥੇ ਪਾਣੀ ਦੀ ਨਾਲੇ 'ਚੋਂ ਬਾਹਰ ਆਉਣ ਦੀ ਸੰਭਾਵਨਾ ਨਜ਼ਰ ਆਉਣ ਲੱਗੀ, ਉਥੇ ਫਿਰ ਗੰਦਗੀ ਤੇ ਮਿੱਟੀ ਦੇ ਬੰਨ੍ਹ ਲਗਾਉਂਦੇ ਦੇਖੇ ਗਏ | ਸ਼ਹਿਰਵਾਸੀਆਂ ਦੀ ਖੁਸ਼ਕਿਸਮਤੀ ਰਹੀ ਕਿ ਸਵੇਰ ਤੜਕੇ ਭਾਰੀ ਬਰਸਾਤ ਹੋਣ ਦੇ ਬਾਅਦ ਬਰਸਾਤ ਦੀ ਰਫ਼ਤਾਰ ਮੱਠੀ ਪੈ ਗਈ ਤੇ ਨਾਲੇ 'ਚੋਂ ਪਾਣੀ ਓਵਰਫਲੋ ਨਾ ਹੋ ਸਕਿਆ, ਜਿਸ 'ਤੇ ਨਿਗਮ ਪ੍ਰਸ਼ਾਸਨ ਨੇ ਸੁਖ ਦਾ ਸਾਹ ਲਿਆ |