ਲੁਧਿਆਣਾ, 6 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਚੰਡੀਗੜ੍ਹ ਰੋਡ 'ਤੇ ਇਕ ਪੈਲੇਸ 'ਚ ਬਿਜਲੀ ਠੀਕ ਕਰਦੇ ਸਮੇਂ ਇਕ ਇਲੈਕਟ੍ਰੀਸ਼ੀਅਨ ਨੂੰ ਅਚਾਨਕ ਕਰੰਟ ਲੱਗ ਗਿਆ ਅਤੇ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ | ਮੌਕੇ 'ਤੇ ਪਹੁੰਚੇ ਉਸਦੇ ਪਰਿਵਾਰ ਦੇ ਲੋਕਾਂ ਨੇ ਕਾਫ਼ੀ ਹੰਗਾਮਾ ਕੀਤਾ ਅਤੇ ਦੋਸ਼ ਲਗਾਇਆ ਕਿ ਇਹ ਹਾਦਸਾ ਪੈਲੇਸ ਦੇ ਮਾਲਕ ਦੀ ਲਾਪਰਵਾਹੀ ਕਾਰਨ ਹੋਇਆ ਹੈ | ਜੇਕਰ ਡਰੇਨੇਜ ਸਿਸਟਮ ਨੂੰ ਢੱਕਿਆ ਹੁੰਦਾ ਤਾਂ ਉਸ ਦੇ ਪੁੱਤਰ ਦੀ ਜਾਨ ਬਚ ਸਕਦੀ ਸੀ | ਸਿਵਲ ਹਸਪਤਾਲ ਦੇ ਐਮਰਜੈਂਸੀ ਸਟਾਫ਼ ਨੇ ਮਿ੍ਤਕ ਦੇਹ ਨੂੰ ਮੁਰਦਾਘਰ ਵਿਚ ਰੱਖ ਦਿੱਤਾ ਹੈ ਅਤੇ ਜਮਾਲਪੁਰ ਪੁਲਿਸ ਸਟੇਸ਼ਨ ਨੂੰ ਸੂਚਨਾ ਭੇਜ ਦਿੱਤੀ ਹੈ | ਮਿ੍ਤਕ ਦੀ ਪਛਾਣ 22 ਸਾਲਾ ਸੋਨੂੰ ਸ਼ਰਮਾ ਵਜੋਂ ਹੋਈ ਹੈ, ਜੋ ਕਿ ਸ਼ੰਕਰ ਕਾਲੋਨੀ ਭਾਮੀਆਂ ਖ਼ੁਰਦ ਦਾ ਰਹਿਣ ਵਾਲਾ ਹੈ | ਮਿ੍ਤਕ ਦੇ ਚਾਚਾ ਸਿਕੰਦਰ ਸ਼ਰਮਾ ਨੇ ਦੱਸਿਆ ਕਿ ਸੋਨੂੰ ਦੀ ਇਕ ਵੱਡੀ ਭੈਣ ਅਤੇ ਇਕ ਛੋਟਾ ਭਰਾ ਹੈ | ਉਹ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਵਿਚ ਇਕਲੌਤਾ ਕਮਾਉਣ ਵਾਲਾ ਸੀ | ਸ਼ਨੀਵਾਰ ਸਵੇਰੇ ਚੰਡੀਗੜ੍ਹ ਰੋਡ 'ਤੇ ਸਥਿਤ ਇਕ ਮੈਰਿਜ ਪੈਲੇਸ ਵਿਚ ਬਿਜਲੀ ਦੀ ਸਮੱਸਿਆ ਆਈ | ਉਹ ਤੁਰੰਤ ਬਿਜਲੀ ਠੀਕ ਕਰਨ ਲਈ ਉੱਥੇ ਪਹੁੰਚ ਗਿਆ, ਉਸ ਸਮੇਂ ਮੀਂਹ ਬਹੁਤ ਤੇਜ਼ ਸੀ | ਜਦੋਂ ਉਹ ਬਿਜਲੀ ਦੀਆਂ ਤਾਰਾਂ ਜੋੜਨ ਲੱਗਾ ਤਾਂ ਉਸ ਨੰੂ ਅਚਾਨਕ ਕਰੰਟ ਲੱਗ ਗਿਆ | ਕਰੰਟ ਕਾਰਨ ਉਸਦਾ ਮੂੰਹ ਡਰੇਨੇਜ ਟੈਂਕ ਵਿਚ ਚਲਾ ਗਿਆ, ਉਸ ਸਮੇਂ ਟੈਂਕ ਪਾਣੀ ਨਾਲ ਭਰਿਆ ਹੋਇਆ ਸੀ | ਮੂੰਹ ਵਿਚ ਕਰੰਟ ਲੱਗਣ ਕਾਰਨ ਉਸਦਾ ਵੀ ਦਮ ਘੁੱਟ ਗਿਆ | ਉਸ ਨੰੂ ਮੌਕੇ 'ਤੇ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਉਸ ਵੇਲੇ ਤੱਕ ਉਸਦੀ ਮੌਤ ਹੋ ਚੁੱਕੀ ਸੀ | ਮਿ੍ਤਕ ਦੇ ਚਾਚਾ ਸਿਕੰਦਰ ਸ਼ਰਮਾ ਨੇ ਦੋਸ਼ ਲਗਾਇਆ ਕਿ ਜੇਕਰ ਡਰੇਨੇਜ ਟੈਂਕ ਨੂੰ ਢਕਿਆ ਹੁੰਦਾ ਤਾਂ ਸੋਨੂੰ ਸ਼ਰਮਾ ਦੀ ਜਾਨ ਬਚ ਸਕਦੀ ਸੀ |