ਲੁਧਿਆਣਾ, 6 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਟਰੱਸਟ ਮੁਖੀ ਮਾਤਾ ਵਿਪਨਪ੍ਰੀਤ ਕੌਰ ਦੀ ਅਗਵਾਈ ਹੇਠ ਸੇਵਾਦਾਰਾਂ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ 13 ਲੱਖ ਰੁਪਏ ਅਤੇ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ | ਟਰੱਸਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਟਰੱਸਟ ਵਲੋਂ ਅੱਜ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਦੀਆਂ 500 ਕਿੱਟਾਂ ਵੰਡੀਆਂ ਗਈਆਂ ਹਨ | ਇਨ੍ਹਾਂ ਕਿੱਟਾਂ ਵਿਚ ਆਟਾ, ਚਾਵਲ, ਪੰਜ ਤਰ੍ਹਾਂ ਦੀਆਂ ਦਾਲਾਂ, ਤੇਲ ਸਰੋਂ, ਸਾਬਣ, ਟੂਥਪੇਸਟ, ਬੁਰਸ਼ ਅਤੇ ਤੋਲੀਏ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦੋ ਲੱਖ ਰੁਪਏ ਦੇ ਸਟੀਲ ਦੇ ਬਰਤਨ ਵੀ ਪੀੜਤ ਪਰਿਵਾਰਾਂ ਨੂੰ ਵੰਡੇ ਗਏ ਹਨ, ਜੋ ਆਪਣੇ ਘਰ ਛੱਡ ਕੇ ਰਾਹਤ ਕੈਂਪਾਂ ਜਾਂ ਆਪਣੇ ਘਰ ਦੀਆਂ ਛੱਤਾਂ 'ਤੇ ਰਹਿ ਰਹੇ ਹਨ |