ਲੁਧਿਆਣਾ, 6 ਸਤੰਬਰ (ਜਤਿੰਦਰ ਭੰਬੀ)- ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਨੇ ਲੁਧਿਆਣਾ ਦੇ ਸੀਸੂ ਕੰਪਲੈਕਸ ਵਿਖੇ 'ਸਾਈਬਰ ਕ੍ਰਾਈਮ ਅਤੇ ਏ.ਆਈ. ਇਨ. ਬਿਜ਼ਨਸ' ਵਿਸ਼ੇ 'ਤੇ ਇਕ ਸੈਮੀਨਾਰ ਕਰਵਾਇਆ | ਗਿਆਨ-ਆਧਾਰਤ ਸੈਸ਼ਨ ਦਾ ਸੰਚਾਲਨ ਪ੍ਰਸਿੱਧ ਮਾਹਿਰ ਸੁਯਸ਼ ਗੁਪਤਾ ਅਤੇ ਅਨੂਪ ਗੁਪਤਾ, ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ, ਸਾਈਬਰਫਰੇਮ ਇਨਫੋਟੈਕ ਪ੍ਰਾਈਵੇਟ ਲਿਮਟਿਡ ਦੁਆਰਾ ਕੀਤਾ ਗਿਆ | ਸੈਮੀਨਾਰ ਨੇ ਉਭਰ ਰਹੀਆਂ ਸਾਈਬਰ ਕ੍ਰਾਈਮ ਚੁਣੌਤੀਆਂ 'ਤੇ ਚਾਨਣਾ ਪਾਇਆ, ਜਿਸ 'ਚ ਹੈਕਿੰਗ, ਰੈਨਸਮਵੇਅਰ, ਫਿਸ਼ਿੰਗ, ਆਨਲਾਈਨ ਧੋਖਾਧੜੀ ਅਤੇ ਡੀਪ ਫੇਕ ਦੇ ਵਧ ਰਹੇ ਖ਼ਤਰੇ ਸ਼ਾਮਿਲ ਸੀ | ਇਸ ਦੇ ਨਾਲ ਹੀ ਕਾਰਜਾਂ ਨੂੰ ਸੁਚਾਰੂ ਬਣਾਉਣ, ਉਤਪਾਦਕਤਾ 'ਚ ਸੁਧਾਰ ਕਰਨ ਅਤੇ ਟਿਕਾਊ ਵਿਕਾਸ ਪ੍ਰਾਪਤ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕਿਵੇਂ ਲਾਭ ਉਠਾ ਸਕਦੇ ਹਨ, ਬਾਰੇ ਵਿਚਾਰ ਸਾਂਝੇ ਕੀਤੇ ਗਏ | ਇਸ ਮੌਕੇ ਹਨੀ ਸੇਠੀ ਨੇ ਉਦਯੋਗ ਲਈ ਸੀਸੂ ਦੀਆਂ ਨਿਰੰਤਰ ਭਲਾਈ ਪਹਿਲਕਦਮੀਆਂ ਅਤੇ ਐਮ.ਐਸ.ਐਮ.ਈ. ਨੂੰ ਸਸ਼ਕਤ ਬਣਾਉਣ ਦੇ ਯਤਨਾਂ 'ਤੇ ਚਾਨਣਾ ਪਾਇਆ | ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਈਬਰ ਸੁਰੱਖਿਆ ਹੁਣ ਵਿਕਲਪਿਕ ਨਹੀਂ ਹੈ, ਸਗੋਂ ਕਾਰੋਬਾਰਾਂ ਲਈ ਇਕ ਪ੍ਰਮੁੱਖ ਤਰਜੀਹ ਹੈ, ਜਾਗਰੂਕਤਾ ਅਤੇ ਤਿਆਰੀ ਰੱਖਿਆ ਦੀ ਪਹਿਲੀ ਕਤਾਰ ਹੈ | ਸੀਸੂ ਨੇ ਫੈਕਲਟੀ ਮੈਂਬਰਾਂ ਸੁਯਸ਼ ਗੁਪਤਾ ਅਤੇ ਅਨੂਪ ਗੁਪਤਾ ਵਲੋਂ ਅਮੀਰ ਮੁਹਾਰਤ ਸਾਂਝੀ ਕਰਨ 'ਤੇ ਧੰਨਵਾਦ ਕੀਤਾ |