ਲੁਧਿਆਣਾ, 6 ਸਤੰਬਰ (ਜਤਿੰਦਰ ਭੰਬੀ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ | ਇਹ ਦਿਹਾੜਾ ਭਾਰਤ ਦੇ ਮਹਾਨ ਹਾਕੀ ਖਿਡਾਰੀ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਹੈ | ਪ੍ਰੋਗਰਾਮ ਦੀ ਸ਼ੁਰੂਆਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ, ਹਾਕੀ ਕੋਚ ਬਲਦੇਵ ਸਿੰਘ ਦਰੋਣਾਚਾਰੀਆ ਐਵਾਰਡੀ ਅਤੇ ਜਸਵਿੰਦਰ ਸਿੰਘ (ਰਿਟਾਇਰਡ ਕਮਾਡੈਂਟ ਅਤੇ ਹਾਕੀ ਕੋਚ ਸੀ.ਆਰ.ਪੀ.ਐਫ) ਵਲੋਂ ਧਿਆਨ ਚੰਦ ਦੀ ਤਸਵੀਰ ਅੱਗੇ ਫੁੱਲ ਮਾਲਾ ਭੇਟ ਕਰਕੇ ਕੀਤੀ ਗਈ | ਵਿਭਾਗ ਦੇ ਸੰਯੁਕਤ ਨਿਰਦੇਸ਼ਕ ਡਾ. ਕਮਲਜੀਤ ਸਿੰਘ ਸੂਰੀ ਅਤੇ ਉਪ ਨਿਰਦੇਸ਼ਕ ਸਰੀਰਕ ਸਿੱਖਿਆ ਕੰਵਲਜੀਤ ਕੌਰ ਅਤੇ ਹੋਰ ਆਏ ਹੋਏ ਮਹਿਮਾਨਾਂ ਵਲੋਂ ਵੀ ਧਿਆਨ ਚੰਦ ਦੀ ਤਸਵੀਰ ਅੱਗੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ | ਡਾ. ਸੁਖਬੀਰ ਸਿੰਘ ਸਹਾਇਕ ਨਿਰਦੇਸ਼ਕ ਸਰੀਰਕ ਸਿੱਖਿਆ ਨੇ ਆਏ ਹੋਏ ਮਹਿਮਾਨਾਂ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ | ਹਾਕੀ ਕੋਚ ਗੁਰਤੇਗ ਸਿੰਘ ਨੇ ਧਿਆਨ ਚੰਦ ਦੇ ਜੀਵਨ ਦੀਆਂ ਕਈ ਅਹਿਮ ਗੱਲਾਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ | ਡਾ. ਸੁਖਬੀਰ ਸਿੰਘ ਨੇ ਕਿਹਾ ਕਿ ਖੇਡਾਂ ਹਰੇਕ ਵਿਅਕਤੀ ਦੇ ਜੀਵਨ ਦਾ ਅਹਿਮ ਹਿੱਸਾ ਹਨ | ਅੰਤ ਵਿਚ ਡਾ. ਸੁਖਬੀਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ |