ਆਲਮਗੀਰ, 23 ਸਤੰਬਰ (ਜਰਨੈਲ ਸਿੰਘ ਪੱਟੀ)-ਸਥਾਨਕ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਅਤੇ ਆਈ.ਈ.ਟੀ.ਈ. ਵਿਦਿਆਰਥੀ ਫੋਰਮ ਨੇ ਕਾਲਜ ਦੇ 70ਵੇਂ ਵਰ੍ਹੇ ਨੂੰ ਸਮਰਪਿਤ ਈ-ਵਿਜ਼ਨ 2025 ਕਰਵਾਇਆ | ਸਮਾਗਮ ਵਿਚ ਪੇਪਰ ਪ੍ਰੈਜ਼ੈਂਟੇਸ਼ਨ, ਹੈਕ ਦ ਹਾਰਡਵੇਅਰ, ਪ੍ਰੋਜੈਕਟ ਪ੍ਰਦਰਸ਼ਨੀ, ਇਲੈਕਟ੍ਰੋਕ੍ਰਾਫਟ, ਟੈਕਮੋਜੀ, ਤਕਨੀਕੀ ਰੰਗੋਲੀ, ਟ੍ਰੇਜ਼ਰ ਹੰਟ, ਕੈਚ ਦ ਬੀਟ ਐਂਡ ਗ੍ਰੈਬ ਦ ਸੀਟ ਅਤੇ ਟੈਕ ਐਕਸ ਤੰਬੋਲਾ ਸਮੇਤ ਕਈ ਤਕਨੀਕੀ ਮੁਕਾਬਲਿਆਂ ਦਾ ਇਕ ਵਧੀਆ ਮਿਸ਼ਰਨ ਪ੍ਰਦਰਸ਼ਿਤ ਕੀਤਾ ਗਿਆ | ਇਸ ਦੌਰਾਨ ਵਿਦਿਆਰਥੀਆਂ ਨੇ ਫੈਸਟ ਵਿਚ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਲਗਨ, ਨਵੀਨਤਾ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਦਾ ਅਨੋਖਾ ਪ੍ਰਦਰਸ਼ਨ ਕੀਤਾ | ਪ੍ਰੋ. ਪ੍ਰਦੀਪ ਪ੍ਰਭਾਕਰ ਵਿੰਗ ਕਮਾਂਡਰ ਨੇ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰ ਕੇ ਵਿਦਿਆਰਥੀਆਂ ਨਾਲ ਆਪਣੇ ਪ੍ਰੇਰਨਾਦਾਇਕ ਵਿਚਾਰ ਸਾਂਝੇ ਕੀਤੇ | ਐਚ.ਐਸ. ਜਟਾਣਾ ਸਾਬਕਾ ਵਿਗਿਆਨੀ ਐਸ.ਸੀ.ਐਲ. ਮੋਹਾਲੀ ਨੇ ਗੈਸਟ ਆਫ਼ ਆਨਰ ਹਾਜ਼ਰ ਹੋ ਕੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਜੀ.ਐਨ.ਡੀ.ਈ.ਸੀ. ਦੇ ਪਿ੍ੰਸੀਪਲ ਡਾ. ਸਹਿਜਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਨਵੀਨਤਾ ਅਤੇ ਉੱਤਮਤਾ ਦੀ ਆਪਣੀ ਇਸ ਯਾਤਰਾ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਈ.ਸੀ.ਈ. ਵਿਭਾਗ ਦੇ ਮੁਖੀ ਡਾ. ਮੁਨੀਸ਼ ਰਤਨ ਨੇ ਪ੍ਰੋਗਰਾਮ ਸਹਿ ਸੰਯੋਜਕ ਡਾ. ਗੁਰਪੁਰਨੀਤ ਕੌਰ, ਡਾ. ਸ਼ਿਵਮਨਮੀਤ ਸਿੰਘ ਨੂੰ ਪ੍ਰੋਗਰਾਮ ਦਾ ਸਫਲਤਾਪੂਰਵਕ ਪ੍ਰਬੰਧ ਕਰਵਾਉਣ ਲਈ ਭਰਵੀਂ ਸ਼ਲਾਘਾ ਕੀਤੀ | ਇਸ ਮੌਕੇ ਜੇਤੂਆਂ ਨੂੰ ਸਨਮਾਨ ਚਿੰਨ੍ਹ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ |