ਲੁਧਿਆਣਾ, 24 ਸਤੰਬਰ (ਡਾ. ਤਰਲੋਚਨ ਸਿੰਘ)-ਸਿਹਤ ਵਿਭਾਗ ਦੀ ਪ੍ਰਮੁੱਖ ਜੱਥੇਬੰਦੀ ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਇਕ ਭਰਵੀਂ ਮੀਟਿੰਗ ਅੱਜ ਪੰਜਾਬੀ ਭਵਨ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ ਸਰਕਾਰ ਦੀ ਕੰਟਰੈਕਟ ਕਰਮਚਾਰੀਆਂ ਨਾਲ ਕੀਤੇ ਵਾਅਦੇ ਨਾ ਨਿਭਾਉਣ ਲਈ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਹਰ ਮੁਹਾਜ਼ ਵਿਚ ਸਰਕਾਰ ਦਾ ਸਾਥ ਦੇਣ ਦੇ ਬਾਵਜੂਦ 'ਆਪ' ਸਰਕਾਰ ਨੇ ਮਤਰੇਈ ਮਾਂ ਵਾਲਾ ਸਲੂਕ ਅਪਣਾਇਆ ਹੋਇਆ ਹੈ | ਚੋਣਾਂ ਤੋਂ ਪਹਿਲਾਂ ਦਿੱਲੀ ਤਰਜ਼ 'ਤੇ ਸਮੂਹ ਕਰਮਚਾਰੀਆਂ ਦੀ ਤਨਖ਼ਾਹ ਵਿਚ 20 ਫ਼ੀਸਦੀ ਵਾਧਾ ਅਤੇ ਰੈਗੂਲਰ ਕਰਨ ਤੋਂ ਇਲਾਵਾ ਸਮੂਹ ਕਰਮਚਾਰੀ ਮੁੱਢਲੀਆਂ ਸਹੂਲਤਾਂ ਤੋਂ ਵੀ ਲਾਚਾਰ ਹਨ | ਜਨਰਲ ਸਕੱਤਰ ਗੁਰਜੰਟ ਸਿੰਘ ਨੇ ਕਿਹਾ ਕਿ ਸਰਕਾਰ ਇਸ ਮਹਿੰਗਾਈ ਦੇ ਜ਼ਮਾਨੇ ਵਿਚ ਕਾਬਿਲ ਅਤੇ ਟਰੇਂਡ ਕਰਮਚਾਰੀਆਂ ਦਾ ਸ਼ੋਸ਼ਣ ਕਰ ਰਹੀ ਹੈ | ਸਾਬਕਾ ਪ੍ਰਧਾਨ ਮਹਿੰਦਰਪਾਲ ਸਿੰਘ ਪਟਿਆਲਾ ਨੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਜਲਦ ਮੁਲਾਜ਼ਮ ਪੱਖੀ ਫ਼ੈਸਲੇ ਲੈ ਕੇ ਮੁਲਾਜ਼ਮ ਵਰਗ ਦੀ ਨਾਰਾਜ਼ਗੀ ਦੂਰ ਕਰਨ ਦੀ ਅਪੀਲ ਕੀਤੀ | ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਜੇਕਰ ਜਲਦੀ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਵਿੱਢਿਆ ਜਾਏਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ | ਇਸ ਤੋਂ ਇਲਾਵਾ ਵਿਭਾਗ ਵਲੋਂ ਨਿੱਤ ਦਿਨ ਮੁਲਾਜ਼ਮਾਂ ਉਪਰ ਪਾਏ ਜਾ ਰਹੇ ਬੋਝ ਅਤੇ ਨਾਦਰਸ਼ਾਹੀ ਫੁਰਮਾਨਾਂ ਦੀ ਆਲੋਚਨਾ ਕੀਤੀ ਗਈ | ਮੀਟਿੰਗ ਵਿਚ ਜਲਦ ਹੀ ਜ਼ਿਲੇ੍ਹ ਵਾਰ ਮੀਟਿੰਗਾਂ ਕਰਕੇ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ | ਮੀਟਿੰਗ ਨੂੰ ਬੇਅੰਤ ਕੌਰ ਮਾਨਸਾ, ਧੀਰਜ ਜਲੰਧਰ, ਸੰਦੀਪ ਬਠਿੰਡਾ, ਮਹਿਮੂਦ ਮਲੇਰਕੋਟਲਾ, ਅਰਵਿੰਦਰ ਮੋਹਾਲੀ, ਗੁਰਪ੍ਰੀਤ ਅੰਮਿ੍ਤਸਰ, ਹਰਜੀਤ ਤਰਨਤਾਰਨ ਤੋਂ ਇਲਾਵਾ ਹੋਰ ਕਈ ਜ਼ਿਲ੍ਹਾ ਪ੍ਰਧਾਨ ਅਤੇ ਅਹੁਦੇਦਾਰਾਂ ਨੇ ਸੰਬੋਧਨ ਕੀਤਾ | ਅੰਤ ਵਿਚ ਪ੍ਰਧਾਨ ਦਿਓਲ ਵਲੋਂ ਪੰਜਾਬ ਦੇ ਸਮੂਹ ਜ਼ਿਲਿ੍ਹਆਂ ਵਿਚੋਂ ਆਏ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਗਿਆ |