ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਲੇਮ ਟਾਬਰੀ ਅਤੇ ਬਸਤੀ ਜੋਧੇਵਾਲ ਇਲਾਕਿਆਂ ਵਿਚ 2 ਮੋਟਰਸਾਈਕਲਾਂ 'ਤੇ ਸਵਾਰ 6 ਲੁਟੇਰਿਆਂ ਵਲੋਂ ਲਗਾਤਾਰ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਹਰ ਰੋਜ਼ ਉਹ ਲੋਕ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ | ਬੁੱਧਵਾਰ ਸਵੇਰੇ ਰੇਲਵੇ ਸਟੇਸ਼ਨ 'ਤੇ ਚਾਹ ਦੀ ਦੁਕਾਨ ਚਲਾਉਣ ਵਾਲਾ ਰਾਜ ਕੁਮਾਰ ਸ਼ਿਕਾਰ ਬਣ ਗਿਆ | ਇਨ੍ਹਾਂ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਉਸ ਤੋਂ 700 ਰੁਪਏ ਅਤੇ ਇਕ ਮੋਬਾਈਲ ਫ਼ੋਨ ਲੁੱਟ ਲਿਆ | ਰਾਜ ਕੁਮਾਰ ਦਾ ਕਹਿਣਾ ਹੈ ਕਿ ਉਸ ਦੇ ਸਾਹਮਣੇ ਹੀ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਇਸੇ ਤਰ੍ਹਾਂ 2 ਹੋਰ ਲੋਕਾਂ ਨੂੰ ਲੁੱਟ ਲਿਆ | ਰਾਜ ਕੁਮਾਰ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ | ਕੁੱਝ ਦਿਨ ਪਹਿਲਾਂ ਇਕ ਗਾਇਕ ਦੇ ਮੁਲਾਜ਼ਮ ਨੂੰ ਵੀ ਬਸਤੀ ਜੋਧੇਵਾਲ ਫਲਾਈਓਵਰ 'ਤੇ 2 ਮੋਟਰਸਾਈਕਲਾਂ 'ਤੇ ਸਵਾਰ 6 ਲੋਕਾਂ ਨੇ ਲੁੱਟ ਲਿਆ ਸੀ | ਇਸ ਤੋਂ ਬਾਅਦ ਵੀ ਇਨ੍ਹਾਂ ਬਦਮਾਸ਼ਾਂ ਨੇ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ | ਪੀੜਤ ਰਾਜ ਕੁਮਾਰ ਨੇ ਦੱਸਿਆ ਕਿ ਉਹ ਰੇਲਵੇ ਸਟੇਸ਼ਨ ਦੇ ਗੇਟ ਨੰਬਰ 2 ਦੇ ਸਾਹਮਣੇ ਚਾਹ ਦੀ ਦੁਕਾਨ ਚਲਾਉਂਦਾ ਹੈ | ਉਸ ਨੇ ਕਿਹਾ ਕਿ ਉਹ ਹਰ ਰੋਜ਼ ਸਵੇਰੇ 4.00 ਵਜੇ ਕਾਕੋਵਾਲ ਰੋਡ 'ਤੇ ਆਪਣੇ ਘਰੋਂ ਦੁਕਾਨ ਜਾਂਦਾ ਹੈ | ਰਾਜ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਵੀ ਉਹ ਆਮ ਵਾਂਗ ਘਰੋਂ ਨਿਕਲਿਆ ਸੀ | ਜਦੋਂ ਉਹ ਮੁੱਖ ਸੜਕ 'ਤੇ ਕਾਕੋਵਾਲ ਚੌਕ ਪਹੁੰਚਿਆ ਤਾਂ 2 ਮੋਟਰਸਾਈਕਲਾਂ 'ਤੇ 6 ਲੋਕ ਗ਼ਲਤ ਪਾਸੇ ਤੋਂ ਆ ਰਹੇ ਸਨ | ਉਨ੍ਹਾਂ ਲੋਕਾਂ ਨੇ ਮੋਟਰਸਾਈਕਲ ਨੂੰ ਉਸ ਦੇ ਪਿੱਛੇ ਲਗਾ ਦਿੱਤਾ | ਰਾਜ ਕੁਮਾਰ ਦਾ ਕਹਿਣਾ ਹੈ ਕਿ ਉਹ ਅੱਗੇ ਵਧਿਆ ਅਤੇ ਸ਼ਿਵਪੁਰੀ ਚੌਕ 'ਤੇ ਰੁਕ ਗਿਆ | ਇਸ 'ਤੇ ਉਹ ਸਿੱਧੇ ਚਲੇ ਗਏ | ਇਸ ਤੋਂ ਬਾਅਦ ਜਦੋਂ ਉਹ ਸ਼ਿਵਪੁਰੀ ਵੱਲ ਮੁੜਿਆ ਤਾਂ ਮੁਲਜ਼ਮਾਂ ਨੇ ਵੀ ਉਸਦਾ ਪਿੱਛਾ ਕੀਤਾ ਅਤੇ ਬੁੱਢਾ ਦਰਿਆ ਨੇੜੇ ਉਸ ਨੰੂ ਘੇਰ ਲਿਆ | ਉਨ੍ਹਾਂ ਨੇ ਉਸ ਨੰੂ ਤੇਜ਼ਧਾਰ ਹਥਿਆਰਾਂ ਨਾਲ ਧਮਕਾਇਆ ਅਤੇ ਉਸਦਾ ਮੋਬਾਈਲ ਫ਼ੋਨ ਅਤੇ ਉਸਦੀ ਜੇਬ ਵਿਚੋਂ 700 ਰੁਪਏ ਕੱਢ ਲਏ | ਰਾਜ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਨੇ ਉਸਦੇ ਸਾਹਮਣੇ ਇਸੇ ਤਰ੍ਹਾਂ 2 ਹੋਰ ਰਾਹਗੀਰਾਂ ਨੂੰ ਲੁੱਟ ਲਿਆ | ਰਾਜ ਕੁਮਾਰ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਹ ਰੇਲਵੇ ਸਟੇਸ਼ਨ ਪਹੁੰਚਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ |