ਲੁਧਿਆਣਾ, 24 ਸਤੰਬਰ (ਡਾ. ਤਰਲੋਚਨ ਸਿੰਘ)-ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਸਮੇਂ ਜਿੱਥੇ ਬਾਜ਼ਾਰਾਂ 'ਚ ਲੋਕਾਂ ਦੀ ਚਹਿਲ ਪਹਿਲ ਸ਼ੁਰੂ ਹੋ ਗਈ ਹੈ, ਉਥੇ ਹੀ ਦੁਕਾਨਦਾਰਾਂ ਵਲੋਂ ਖੁੱਲੇ੍ਹ ਅਸਮਾਨ ਹੇਠ ਲੋਕਾਂ ਨੂੰ ਖਾਣ ਪੀਣ ਦਾ ਸਮਾਨ ਵੇਚਿਆ ਜਾ ਰਿਹਾ ਹੈ, ਜਿਨ੍ਹਾਂ 'ਤੇ ਕਾਰਵਾਈ ਕਰਨ ਦੀ ਥਾਂ ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਆਮ ਤੌਰ 'ਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਖਾਣ ਵਾਲੀਆਂ ਚੀਜ਼ਾਂ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਚਲਾਉਂਦੀਆਂ ਹਨ, ਪਰ ਇਸ ਵਾਰ ਅਜਿਹਾ ਕੋਈ ਵੀ ਕਦਮ ਨਜ਼ਰ ਨਹੀਂ ਚੁੱਕਿਆ ਗਿਆ | ਸਿਹਤ ਵਿਭਾਗ ਦੀ ਇਸ ਕਥਿਤ ਲਾਪਰਵਾਹੀ ਕਾਰਨ ਸ਼ਹਿਰ ਵਿਚ ਮਿਲਾਵਟਖੋਰਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਖੁੱਲੇਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ | ਸ਼ਹਿਰ 'ਚ ਮਠਿਆਈਆਂ ਅਤੇ ਖੋਏ 'ਚ ਮਿਲਾਵਟ ਤਿਉਹਾਰੀ ਸੀਜਨ ਦੌਰਾਨ ਲੋਕ ਮਠਿਆਈਆਂ ਦੀ ਵਧੇਰੇ ਖਰੀਦਦਾਰੀ ਕਰਦੇ ਹਨ, ਜਿਸਦਾ ਫਾਇਦਾ ਚੁੱਕ ਕੇ ਕਈ ਦੁਕਾਨਦਾਰ ਅਤੇ ਮਠਿਆਈ ਬਣਾਉਣ ਵਾਲੇ ਅਦਾਰੇ ਮਿਲਾਵਟੀ ਸਮੱਗਰੀ ਜਿਵੇਂ ਕਿ ਨਕਲੀ ਖੋਆ, ਨਕਲੀ ਪਨੀਰ, ਰੰਗ ਅਤੇ ਮਾੜੇ ਕੁਆਲਿਟੀ ਦੇ ਪਦਾਰਥਾਂ ਦੀ ਵਰਤੋਂ ਕਰ ਰਹੇ ਹਨ | ਸ਼ਹਿਰ ਦੀਆਂ ਕਈ ਮਠਿਆਈ ਦੀਆਂ ਦੁਕਾਨਾਂ ਤੋਂ ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਹਨ, ਪਰ ਸਿਹਤ ਵਿਭਾਗ ਦੀ ਟੀਮ ਵਲੋਂ ਕੋਈ ਵੀ ਛਾਪੇਮਾਰੀ ਜਾਂ ਸੈਂਪਲ ਨਹੀਂ ਭਰੇ ਜਾ ਰਹੇ |