ਲੁਧਿਆਣਾ, 24 ਸਤੰਬਰ (ਡਾ. ਤਰਲੋਚਨ ਸਿੰਘ)-ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ, ਗੁਰੂ ਤੇਗ਼ ਬਹਾਦਰ ਸਾਹਿਬ (ਚੈ.) ਹਸਪਤਾਲ, ਲੁਧਿਆਣਾ ਵਿਖੇ ਅਲਜਾਈਮਰ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਦਿਮਾਗ਼ੀ ਰੋਗਾਂ ਦੇ ਮਾਹਿਰ ਡਾ. ਗੈਬੀ ਸੇਠੀ ਨੇ ਦੱਸਿਆ ਕਿ ਅਲਜਾਈਮਰ ਦਿਮਾਗ਼ ਦੀ ਇਕ ਬਿਮਾਰੀ ਹੈ, ਜਿਸ ਵਿਚ ਯਾਦਦਾਸ਼ਤ, ਸੋਚਣ ਦੀ ਸਮਰੱਥਾ ਅਤੇ ਫ਼ੈਸਲੇ ਕਰਨ ਦੀ ਤਾਕਤ ਹੌਲੀ ਹੌਲੀ ਘਟਣ ਲਗਦੀ ਹੈ | ਜ਼ਿਆਦਾਤਰ ਇਹ ਬਜ਼ੁਰਗ ਲੋਕਾਂ ਵਿਚ ਪਾਈ ਜਾਂਦੀ ਹੈ, ਪਰ ਕਈ ਵਾਰ ਇਹ ਮੱਧ ਉਮਰ ਵਿਚ ਵੀ ਸ਼ੁਰੂ ਹੋ ਸਕਦੀ ਹੈ | ਉਨ੍ਹਾਂ ਦੱਸਿਆ ਕਿ ਸ਼ੁਰੂ ਵਿਚ ਵਿਅਕਤੀ ਨੂੰ ਛੋਟੀਆਂ ਛੋਟੀਆਂ ਗੱਲਾਂ ਭੁੱਲਣ ਦੀ ਆਦਤ ਪੈਂਦੀ ਹੈ, ਜਿਵੇਂ ਚੀਜ਼ਾਂ ਰੱਖਣ ਦੀ ਥਾਂ, ਮਿਲੇ ਹੋਏ ਲੋਕਾਂ ਦੇ ਨਾਮ | ਇਸ ਨਾਲ ਵਿਅਕਤੀ ਦੇ ਸੁਭਾਅ ਅਤੇ ਬੋਲ ਚਾਲ 'ਚ ਵੀ ਬਦਲਾਅ ਆ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਨਾਲ ਇਸ ਦਾ ਇਲਾਜ ਕਰਵਾਉਣ ਨਾਲ ਫ਼ਾਇਦਾ ਹੋ ਸਕਦਾ ਹੈ | ਡਾ. ਗੈਬੀ ਸੇਠੀ ਨੇ ਦੱਸਿਆ ਕਿ ਇਸ ਦੇ ਇਲਾਜ ਦੇ ਤਿੰਨ ਪਹਿਲੂ ਹਨ, ਜਿਨ੍ਹਾਂ ਵਿਚ ਦਵਾਈ, ਮਨੋਵਿਗਿਆਨ ਦੇਖਭਾਲ ਅਤੇ ਸਮਾਜਿਕ ਤੇ ਪਰਿਵਾਰਕ ਸਹਾਇਤਾ ਮੁੱਖ ਤੌਰ 'ਤੇ ਸ਼ਾਮਿਲ ਹਨ | ਇਸ ਮੌਕੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਅਤੇ ਜੀ.ਐਨ.ਐਮ. ਨਰਸਿੰਗ ਦੇ ਵਿਦਿਆਰਥੀਆਂ ਵਲੋਂ ਅਲਜਾਈਮਰ ਦੇ ਕਾਰਨਾਂ, ਇਲਾਜ ਅਤੇ ਬਚਾਅ ਬਾਰੇ ਪ੍ਰਦਰਸ਼ਨੀ ਲਗਾਈ ਗਈ | ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਡਾ. ਹਰੀਸ਼ ਸਹਿਗਲ, ਮੈਡੀਕਲ ਸੁਪਰਡੈਂਟ ਡਾ. ਨੀਰਜ ਸਿੰਗਲਾ, ਨਰਸਿੰਗ ਕਾਲਜ ਦੇ ਪਿ੍ੰਸੀਪਲ ਪ੍ਰੋਫੈਸਰ ਪੋਨਾਮਾ ਆਰ. ਸਿੰਘ, ਉਪ ਪਿ੍ੰਸੀਪਲ ਪ੍ਰੋ. ਅਮਨਦੀਪ ਕੌਰ, ਨਰਸਿੰਗ ਸੁਪਰਡੈਂਟ ਅਮਰਜੀਤ ਕੌਰ, ਵਿਦਿਆਰਥੀ ਅਤੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ |