ਆਲਮਗੀਰ, 25 ਸਤੰਬਰ (ਜਰਨੈਲ ਸਿੰਘ ਪੱਟੀ)-ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੀ ਲੁਧਿਆਣਾ ਦਿਹਾਤੀ ਦੀ ਇਕਾਈ ਨੂੰ ਭੰਗ ਕਰਦਿਆਂ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਭਾਈ ਲਵਪ੍ਰੀਤ ਸਿੰਘ ਗਿੱਲ ਤੇ ਜ਼ਿਲ੍ਹਾ ਜਨਰਲ ਸਕੱਤਰ ਸੰਤੋਖ ਸਿੰਘ ਕਾਲਖ ਨੇ ਨਵਾਂ ਢਾਂਚਾ ਤਿਆਰ ਕਰਨ ਦਾ ਐਲਾਨ ਕੀਤਾ ਹੈ | ਭਾਈ ਗਿੱਲ ਨੇ ਕਿਹਾ ਕਿ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਅਤੇ ਸਕੱਤਰ ਜਨਰਲ ਭਾਈ ਲਖਬੀਰ ਸਿੰਘ ਸੇਖੋਂ ਨਾਲ ਸਲਾਹ ਮਸ਼ਵਰੇ ਉਪਰੰਤ ਬਦਲਾਅ ਨੂੰ ਧਿਆਨ 'ਚ ਰੱਖਦਿਆਂ ਫੈਡਰੇਸ਼ਨ ਦੇ ਨਵੇਂ ਟੀਚੇ ਹਾਸਿਲ ਕਰਨ ਲਈ ਦਿਹਾਤੀ ਇਕਾਈ ਨੂੰ ਭੰਗ ਕੀਤਾ ਜਾ ਰਿਹਾ ਹੈ | ਪ੍ਰਧਾਨ ਗਿੱਲ ਅਤੇ ਕਾਲਖ ਨੇ ਦੱਸਿਆ ਕਿ ਹਾਈ ਕਮਾਂਡ ਨਾਲ ਵਿਚਾਰ ਚਰਚਾ ਕਰਕੇ ਨਵੇਂ ਢਾਂਚੇ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ, ਜਿਸ ਵਿਚ ਸੰਗਠਨ ਦੇ ਨਵੇਂ ਨੀਤੀਆਂ ਅਤੇ ਉਦੇਸ਼ਾਂ ਨੂੰ ਸਮਰਪਿਤ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ | ਉਨ੍ਹਾਂ ਨੇ ਇਸ ਫ਼ੈਸਲੇ ਨੂੰ ਸਿੱਖ ਵਿਦਿਆਰਥੀਆਂ ਦੇ ਹਿਤ 'ਚ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਹ ਸਮੇਂ ਦੀਆਂ ਲੋੜਾਂ ਅਨੁਸਾਰ ਸੰਗਠਨ ਨੂੰ ਮਜ਼ਬੂਤੀ ਦੇਣ ਲਈ ਜ਼ਰੂਰੀ ਹੈ | ਫੈਡਰੇਸ਼ਨ ਵਲੋਂ ਭਵਿੱਖ 'ਚ ਦਸਤਾਰ ਸਿਖਲਾਈ ਅਤੇ ਗੁਰਮਤਿ ਕੈਂਪ ਲਗਾਏ ਜਾਣਗੇ, ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇਗਾ | ਪੰਜਾਬ 'ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਫੈਡਰੇਸ਼ਨ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ |