ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਨਕਲੀ ਬੈਰਿੰਗ ਵੇਚਣ ਦੇ ਮਾਮਲੇ ਵਿਚ ਤਿੰਨ ਕਾਰੋਬਾਰੀਆਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਇਹ ਕਾਰਵਾਈ ਕਸ਼ਮੀਰ ਸਿੰਘ ਭਾਟੀਆ ਵਾਸੀ ਨਿਊ ਦਿੱਲੀ ਦੀ ਸ਼ਿਕਾਇਤ 'ਤੇ ਅਮਲ ਵਿੱਚ ਲਿਆਂਦੀ ਹੈ ਅਤੇ ਪੁਲਿਸ ਨੇ ਇਸ ਸਬੰਧੀ ਵਿਜੇ ਬੈਰਿੰਗ ਕੰਪਨੀ ਦੇ ਵਿਜੇ ਸ਼ਰਮਾ ਅਤੇ ਰਣਜੀਤ ਸਿੰਘ ਨੂੰ ਕਾਬੂ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸਦੀ ਪਾਪੂਲਰ ਬੈਰਿੰਗ ਐਂਡ ਮਿਲਸ ਸਟੋਰ ਲਿੰਕ ਰੋਡ ਢੋਲੇਵਾਲ ਵਿਖੇ ਕੰਪਨੀ ਹੈ ਜਿੱਥੇ ਕਿ ਉਹ ਬਤੌਰ ਰਿਸਰਚ ਅਧਿਕਾਰੀ ਕੰਮ ਕਰਦਾ ਹੈ | ਉਸ ਦੱਸਿਆ ਕਿ ਬੀਤੇ ਦਿਨ ਉਸ ਨੂੰ ਪਤਾ ਲੱਗਿਆ ਕਿ ਉਕਤ ਕਥਿਤ ਦੋਸ਼ੀਆਂ ਵੱਲੋਂ ਉਸਦੀ ਕੰਪਨੀ ਦਾ ਜਾਅਲੀ ਮਾਰਕਾ ਤਿਆਰ ਕਰਕੇ ਬੈਰਿੰਗ ਵੇਚੇ ਜਾ ਰਹੇ ਹਨ, ਜਿਸ 'ਤੇ ਉਸਨੇ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ | ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਸ ਸਬੰਧੀ ਉਕਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |