ਲੁਧਿਆਣਾ, 25 ਸਤੰਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਸਸਰਾਲੀ ਕਾਲੋਨੀ ਦੇ ਧੁੱਸੀ ਬੰਨ੍ਹ ਦੇ ਪਾੜ ਪੈ ਜਾਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਨੂੰ ਬੂਰ ਨਾ ਪੈਣ ਕਰਕੇ ਸਥਿਤੀ ਦਿਨ-ਬ-ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ, ਜਿਸ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਹੱਥ ਖੜੇ ਕਰ ਦਿੱਤੇ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਸਥਿਤੀ ਨੂੰ ਦੇਖਦੇ ਹੋਏ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਭਾਰਤੀ ਫ਼ੌਜ ਦਾ ਸਹਾਰਾ ਮੰਗਿਆ ਸੀ | ਇਸ ਸਬੰਧੀ ਬੂਥਗੜ੍ਹ, ਗੌਂਸਗੜ੍ਹ, ਗਦਾਪੁਰ, ਰੌੜ, ਮਾਂਗਟ, ਹਵਾਸ, ਖ਼ਵਾਜਕੇ, ਮੰਗਲੀ ਟਾਂਡਾ, ਮੰਗਲੀ ਖ਼ਾਸ, ਗੰਢੀ ਤੋਗੜਾ, ਗੜੀ ਫ਼ਾਜ਼ਿਲ, ਗੜੀ ਸ਼ੇਰੋ, ਸੱਖੋਵਾਲ, ਕਾਸਾਬਾਦ, ਜੀਵਨਪੁਰ, ਢੇਰੀ, ਬਾਜੜਾ, ਸੱਤੋਵਾਲ, ਸੀਰਾ, ਚੂਹੜਵਾਲ, ਮਾਛੀਆਂ ਕਲਾਂ ਆਦਿ 22 ਪਿੰਡਾਂ ਦੀਆਂ ਪੰਚਾਇਤਾਂ ਵਲੋਂ ਬੁੱਧਵਾਰ ਨੂੰ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆਂ ਨੂੰ ਚਿੱਠੀ ਲਿਖ ਕੇ ਤੁਰੰਤ ਫ਼ੌਜ ਅਤੇ ਮਾਹਿਰ ਟੀਮਾਂ ਦੀ ਤਾਇਨਾਤੀ ਕਰਨ ਦੀ ਮੰਗ ਕੀਤੀ ਗਈ ਸੀ ਤਾਂ ਜੋ ਸਸਰਾਲੀ ਨੇੜੇ ਸਤਲੁਜ ਦਰਿਆ ਦੇ ਟੁੱਟੇ ਬੰਨ੍ਹ ਦੀ ਮੁਰੰਮਤ ਕੀਤੀ ਜਾ ਸਕੇ, ਜਿਸ ਨੇ ਲੁਧਿਆਣਾ ਜ਼ਿਲ੍ਹੇ ਦੇ ਲੋਕਾਂ ਦੇ ਦਿਲਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ | ਇਸ ਸਾਰੇ ਮਾਮਲੇ ਨੂੰ ਦੇਖਦੇ ਹੋਏ ਜਿੱਥੇ ਸਰਕਾਰ ਵਿਰੋਧੀ ਪਾਰਟੀਆਂ ਨੂੰ ਇਸ ਮਾਮਲੇ ਨੂੰ ਵੱਡੇ ਪੱਧਰ ਤੇ ਹੋਈ ਰੇਤ ਦੀ ਮਾਈਨਿੰਗ ਨਾਲ ਜੋੜਿਆ ਜਾ ਰਿਹਾ ਹੈ, ਉਥੇ ਹੀ ਬਹੁਤ ਪਿੰਡਾਂ ਦੇ ਲੋਕਾਂ ਦਾ ਵੀ ਇਹ ਮੰਨਣਾ ਹੈ ਕਿ ਰੇਤ ਦੀ ਹੋਈ ਮਾਈਨਿੰਗ ਕਾਰਨ ਹੀ ਆਸ-ਪਾਸ ਦੇ ਲੋਕਾਂ ਨੂੰ ਇਹ ਦਿਨ ਦੇਖਣ ਲਈ ਮਜਬੂਰ ਹੋਣ ਪਿਆ ਹੈ | ਇਸ ਸਬੰਧੀ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਚਿੰਤਤ ਹੁੰਦਿਆਂ ਕਿਹਾ ਕਿ ਦਰਿਆ ਲਗਾਤਾਰ ਉਪਜਾਊ ਜ਼ਮੀਨ, ਫ਼ਸਲਾਂ, ਟਿਊਬਵੈੱਲ, ਮਕਾਨ ਅਤੇ ਦਹਾਕਿਆਂ ਦੀ ਕਮਾਈ ਨੂੰ ਨਿਗਲ ਰਿਹਾ ਹੈ |