ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜੋਸ਼ੀ ਨਗਰ 'ਚ ਸਥਿਤ ਸਿੱਧ ਪੀਠ ਮਹਾਬਲੀ ਸੰਕਟਮੋਚਨ ਸ੍ਰੀ ਹਨੂੰਮਾਨ ਮੰਦਰ 'ਚ ਦਿਨ ਦਿਹਾੜੇ ਚੋਰਾਂ ਵਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ | ਘਟਨਾ ਅੱਜ ਦੁਪਹਿਰ ਉਸ ਵਕਤ ਵਾਪਰੀ ਜਦੋਂ ਦੋ ਨਾਬਾਲਗ ਲੜਕੇ ਮੰਦਰ ਅੰਦਰ ਦਾਖਲ ਹੋਏ ਅਤੇ ਸੱਤ ਮਿੰਟ 'ਚ ਦਾਨ ਪੇਟੀ ਵਿਚ ਪਏ ਪੈਸੇ ਚੋਰੀ ਕਰਕੇ ਫਰਾਰ ਹੋ ਗਏ | ਇਸ ਸੰਬੰਧੀ ਪ੍ਰਬੰਧਕਾਂ ਵਲੋਂ ਥਾਣਾ ਹੈਬੋਵਾਲ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਘਟਨਾ ਬਾਰੇ ਮੰਦਰ ਦੇ ਪ੍ਰਧਾਨ ਅਮਨ ਜੈਨ ਅਤੇ ਅਨੁਜ ਮਦਾਨ ਨੇ ਦੱਸਿਆ ਕਿ ਮੰਦਰ ਦੇ ਚੌਂਕੀਦਾਰ ਨੇ ਉਨ੍ਹਾਂ ਨੂੰ ਇਸ ਵਾਰਦਾਤ ਬਾਰੇ ਵਿਚ ਦੱਸਿਆ ਕਿ ਰੋਜਾਨਾ ਮੰਦਰ ਦੁਪਹਿਰ 12 ਵਜੇ ਬੰਦ ਹੋ ਜਾਂਦਾ ਹੈ ਤੇ ਸ਼ਾਮ 4 ਵਜੇ ਦੇ ਬਾਅਦ ਖੁੱਲ੍ਹਦਾ ਹੈ ਪਰ ਅੱਜ ਕੱਲ੍ਹ ਮੰਦਰ 'ਚ ਸ਼ਰਧਾਲੂਆਂ ਦੀ ਭੀੜ ਹੋਣ ਕਾਰਨ ਇਨ੍ਹਾਂ ਚੋਰਾਂ ਵਲੋਂ ਫਾਇਦਾ ਚੱਕਿਆ ਗਿਆ ਤੇ ਮੰਦਰ 'ਚ ਦਾਖਲ ਹੋ ਕੇ ਉਥੇ ਪਈ ਦਾਨ ਪੇਟੀ ਦੇ ਤਾਲੇ ਤੋੜ ਕੇ ਉਥੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ | ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ, ਜਿਸ ਆਧਾਰ 'ਤੇ ਪੁਲਿਸ ਵਲੋਂ ਇਨ੍ਹਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ |