ਲੁਧਿਆਣਾ, 25 ਸਤੰਬਰ (ਜਤਿੰਦਰ ਭੰਬੀ)-ਪੰਜਾਬ ਵਿਚ ਆਏ ਹੜ੍ਹਾਂ ਕਾਰਨ ਬਣੀ ਨਾਜ਼ੁਕ ਸਥਿਤੀ ਨੂੰ ਦੇਖਦਿਆਂ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੰਜਾਬ ਨੂੰ ਦਿੱਤੇ ਗਏ ਰਾਹਤ ਪੈਕਜ਼ ਦਾ ਜ਼ਿਕਰ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਪਹਿਲਵਾਨ ਨੇ ਕਿਹਾ ਕਿ ਭਾਜਪਾ ਸਰਕਾਰ ਵਲੋਂ ਜਾਰੀ ਕੀਤਾ ਪੈਕੇਜ ਸੂਬੇ ਅੰਦਰ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਕਾਬਲੇ ਕੁੱਝ ਵੀ ਨਹੀਂ ਕਿਉਂਕਿ ਜਿਥੈ ਆਮ ਲੋਕਾਂ ਦੇ ਰੈਣ ਵਸੇਰੇ ਪਾਣੀ ਵਿਚ ਰੁੜ ਗਏ ਉਥੇ ਹੀ ਪੁੱਤਾਂ ਵਾਂਗ ਪਾਲੀਆਂ ਫਸਲਾਂ ਤੇ ਜ਼ਮੀਨਾਂ ਵੀ ਰੁੜ ਗਈਆਂ | ਉਨ੍ਹਾਂ ਕਿਹਾ ਕਿ ਜਦ 1988 'ਚ ਹੜ੍ਹ ਆਏ ਸਨ ਤਾਂ ਉਸ ਸਮੇਂ ਕੇਂਦਰ ਦੀ ਕਾਂਗਰਸ ਸਰਕਾਰ ਨੇ ਦਿਲ ਖੋਲ ਕੇ ਰਾਹਤ ਪੈਕਜ ਦਿੱਤੇ ਸਨ, ਪਰ ਬੜੇ ਹੀ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਹੜ੍ਹ ਪੀੜ੍ਹਤਾਂ ਦੀ ਮਦਦ ਦੀ ਗੁਹਾਰ ਲਗਾਉਣ ਦੀ ਬਜਾਏ ਭਾਜਪਾ ਅਤੇ 'ਆਪ' ਸਰਕਾਰ ਦੇ ਆਗੂ ਇਕ ਦੂਜੇ ਨੂੰ ਨੀਵਾਂ ਦਿਖਾਉਣ 'ਚ ਰੁੱਝ ਹੋਏ ਹਨ, ਜਦ ਕਿ ਹੁਣ ਸਮਾਂ ਹੋਛੀ ਰਾਜਨੀਤੀ ਕਰਨ ਦਾ ਨਹੀਂ ਬਲਕਿ ਐਨ. ਆਰ. ਆਈ. ਪਰਿਵਾਰਾਂ, ਹੋਰ ਸਮਾਜ ਸੇਵੀ ਸੰਸਥਾਵਾਂ ਤੇ ਗਾਇਕਾਂ ਵਾਂਗ ਦਿਲ ਖੋਲ੍ਹ ਕੇ ਮਦਦ ਕਰਨ ਦੀ ਲੋੜ ਹੈ ਤਾਂ ਕਿ ਪੰਜਾਬ ਨੂੰ ਵੱਡੇ ਰਾਹਤ ਪੈਕੇਜ ਦੇਕੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਸਕੇ |