ਲੁਧਿਆਣਾ, 25 ਸਤੰਬਰ (ਡਾ. ਤਰਲੋਚਨ ਸਿੰਘ)-ਵਰਲਡ ਲੰਗ ਦਿਵਸ ਦੇ ਮੌਕੇ 'ਤੇ ਫੋਰਟਿਸ ਹਸਪਤਾਲ, ਚੰਡੀਗੜ੍ਹ ਰੋਡ, ਲੁਧਿਆਣਾ ਵਲੋਂ 'ਐਲਰਜੀ ਅਤੇ ਦਮਾ ਕਲੀਨਿਕ' ਦੀ ਸ਼ੁਰੂਆਤ ਕੀਤੀ ਗਈ | ਇਸ ਦਾ ਮਕਸਦ ਲੋਕਾਂ ਨੂੰ ਉਚ ਪੱਧਰੀ ਫੇਫੜਿਆਂ ਅਤੇ ਸਾਹ ਦੀਆਂ ਬਿਮਾਰੀਆਂ ਦੇ ਇਲਾਜ ਦੀ ਸਹੂਲਤ ਉਪਲਬਧ ਕਰਵਾਉਣਾ ਹੈ | ਕਲੀਨਿਕ ਦੀ ਅਗਵਾਈ ਡਾ. ਸੁਸ਼ੀਲ ਗੁਪਤਾ, ਐਡੀਸ਼ਨਲ ਡਾਇਰੈਕਟਰ ਪਲਮਨੋਲੋਜੀ ਅਤੇ ਕਿ੍ਟੀਕਲ ਕੇਅਰ ਅਤੇ ਡਾ. ਰਣਦੀਪ ਸਿੰਘ, ਐਸੋਸੀਏਟ ਕਨਸਲਟੈਂਟ ਪਲਮਨੋਲੋਜੀ ਅਤੇ ਕਿ੍ਟੀਕਲ ਕੇਅਰ ਕਰਨਗੇ | ਇੱਥੇ ਦਮਾ, ਲੰਬੇ ਸਮੇਂ ਦੀਆਂ ਐਲਰਜੀਆਂ ਅਤੇ ਹੋਰ ਸਾਹ ਨਾਲ ਸਬੰਧਿਤ ਬਿਮਾਰੀਆਂ ਦੀ ਪੂਰੀ ਜਾਂਚ-ਪੜਤਾਲ, ਇਲਾਜ ਅਤੇ ਲੰਬੇ ਸਮੇਂ ਲਈ ਪ੍ਰਬੰਧ ਕੀਤਾ ਜਾਵੇਗਾ | ਕਲੀਨਿਕ ਹਰ ਮਹੀਨੇ ਦੀ 1 ਅਤੇ 16 ਤਾਰੀਖ਼ ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਕੰਮ ਕਰੇਗੀ | ਕਲੀਨਿਕ ਮਰੀਜ਼ਾਂ ਲਈ ਇਕ 'ਵਨ-ਸਟਾਪ ਸੈਂਟਰ' ਵਜੋਂ ਕੰਮ ਕਰੇਗੀ, ਜਿੱਥੇ ਉਨ੍ਹਾਂ ਨੂੰ ਐਲਰਜੀ ਅਤੇ ਦਮੇ ਨਾਲ ਜੁੜੀਆਂ ਬਿਮਾਰੀਆਂ ਦਾ ਨਿਪਟਾਰਾ ਮਿਲੇਗਾ, ਉਥੇ ਹੀ ਲੰਬੇ ਸਮੇਂ ਦੀਆਂ ਬਿਮਾਰੀਆਂ ਤੋਂ ਲੈ ਕੇ ਮੌਸਮੀ ਐਲਰਜੀਆਂ ਅਤੇ ਹੋਰ ਸਾਹ ਦੀਆਂ ਸਮੱਸਿਆਵਾਂ ਨੂੰ ਸੰਭਾਲਣ ਵਿਚ ਮਦਦ ਮਿਲੇਗੀ | ਡਾ. ਸੁਸ਼ੀਲ ਗੁਪਤਾ ਨੇ ਕਿਹਾ ਕਿ ਦਮਾ ਭਾਰਤ ਵਿਚ ਸਭ ਤੋਂ ਆਮ ਪਰ ਅਕਸਰ ਨਾ ਪਛਾਣੀ ਗਈ ਬਿਮਾਰੀ ਹੈ | ਬਹੁਤ ਸਾਰੇ ਮਰੀਜ਼ ਹਰ ਉਮਰ ਵਿਚ ਖੰਘ, ਸਾਹ ਫੁੱਲਣਾ, ਸੀਟੀ ਵਾਲੀ ਆਵਾਜ਼ ਨਾਲ ਸਾਹ ਲੈਣਾ ਅਤੇ ਐਲਰਜੀਆਂ ਨਾਲ ਪੀੜਤ ਹਨ | ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਬਹੁਤੇ ਮਰੀਜ਼ ਸਾਡੇ ਕੋਲ ਉਦੋਂ ਹੀ ਆਉਂਦੇ ਹਨ, ਜਦੋਂ ਉਨ੍ਹਾਂ ਦੀ ਹਾਲਤ ਐਮਰਜੈਂਸੀ ਵਿਚ ਬਦਲ ਜਾਂਦੀ ਹੈ | ਇਸ ਕਲੀਨਿਕ ਰਾਹੀਂ ਸਾਡਾ ਮਕਸਦ ਜਲਦੀ ਪਛਾਣ ਕਰਨਾ, ਸਹੀ ਇਲਾਜ ਦੇਣਾ ਅਤੇ ਮਰੀਜ਼ਾਂ ਨੂੰ ਠੀਕ ਉਪਾਅ ਬਾਰੇ ਜਾਣਕਾਰੀ ਦੇਣਾ ਹੈ ਤਾਂ ਜੋ ਉਹ ਸਿਹਤਮੰਦ ਅਤੇ ਸਰਗਰਮ ਜੀਵਨ ਬਤੀਤ ਕਰ ਸਕਣ | ਹਸਪਤਾਲ ਦੇ ਫੈਸਿਲਿਟੀ ਡਾਇਰੈਕਟਰ ਸਨਵੀਰ ਸਿੰਘ ਭੰਬਰਾ ਨੇ ਕਿਹਾ ਕਿ ਵਰਲਡ ਲੰਗ ਦਿਵਸ 'ਤੇ ਦਮਾ ਕਲੀਨਿਕ ਦੀ ਸ਼ੁਰੂਆਤ ਲੁਧਿਆਣਾ ਵਿਚ ਸਾਹ ਸੰਬੰਧੀ ਇਲਾਜ ਨੂੰ ਮਜ਼ਬੂਤ ਕਰਨ ਵੱਲ ਇਕ ਵੱਡਾ ਕਦਮ ਹੈ |