ਭਾਮੀਆਂ ਕਲਾਂ/ਲੁਧਿਆਣਾ, 25 ਸਤੰਬਰ (ਜਤਿੰਦਰ ਭੰਬੀ)-ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਬੋਪਾਰਾਏ ਇਕ ਵਾਰ ਫੇਰ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੀ ਹੜ੍ਹ ਪ੍ਰਭਾਵਿਤ ਸਸਰਾਲੀ ਕਾਲੋਨੀ ਦੇ ਬੰਨ੍ਹ ਦਾ ਜਾਇਜ਼ਾ ਲੈਣ ਪਹੁੰਚੇ, ਜਿੱਥੇ ਉਨ੍ਹਾਂ ਨੇ ਮੌਕੇ 'ਤੇ ਹੀ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਤੋਂ ਜਾਣਿਆ ਕਿ ਕਿਸ ਤਰ੍ਹਾਂ ਹਰ ਦਿਨ ਦਰਿਆ ਦੇ ਕਿਨਾਰੇ ਤੋਂ ਰੁੜ੍ਹ ਰਹੀਆਂ ਜ਼ਮੀਨਾਂ ਨੂੰ ਰੋਕਿਆ ਜਾ ਸਕਦਾ ਹੈ | ਇਸ ਮੌਕੇ ਡਾ. ਅਮਰ ਸਿੰਘ ਬੋਪਾਰਾਏ ਨੂੰ ਲੋਕਾਂ ਨੇ ਦੱਸਿਆ ਕਿ ਹਰ ਰੋਜ਼ ਸਤਲੁਜ ਦਰਿਆ ਦਾ ਪਾਣੀ ਇਸ ਇਲਾਕੇ ਅੰਦਰ ਤਬਾਹੀ ਮਚਾ ਰਿਹਾ ਹੈ, ਲੋਕਾਂ ਦੀਆਂ ਜ਼ਮੀਨਾਂ ਦਰਿਆ ਵਿਚ ਰੁੜ੍ਹ ਰਹੀਆਂ ਹਨ ਪ੍ਰਸ਼ਾਸਨ ਕੋਈ ਠੋਸ ਪ੍ਰਬੰਧ ਨਹੀਂ ਕਰ ਰਿਹਾ, ਜੇਕਰ ਲੋਕਾਂ ਦੀ ਤਬਾਹੀ ਰੋਕਣੀ ਹੈ ਤਾਂ ਦਰਿਆ ਦੇ ਕਿਨਾਰੇ 'ਤੇ ਜਾਲ ਬਣਾ ਕੇ ਉਸ ਵਿਚ ਪੱਥਰ ਪਾਏ ਜਾਣ | ਇਸ ਮੌਕੇ ਡਾ. ਅਮਰ ਸਿੰਘ ਬੋਪਾਰਾਏ ਨੇ ਤੁਰੰਤ ਡੀ.ਸੀ. ਲੁਧਿਆਣਾ ਹਿਮਾਂਸ਼ੂ ਜੈਨ ਅਤੇ ਮੌਕੇ 'ਤੇ ਮੌਜੂਦ ਐਕਸੀਅਨ ਅਤੇ ਐਸ.ਸੀ. ਨੂੰ ਕਿਹਾ ਕਿ ਜਿਸ ਤਰ੍ਹਾਂ ਲੋਕ ਆਖ ਰਹੇ ਹਨ, ਉਸੇ ਤਰ੍ਹਾਂ ਦੇ ਹੀ ਪ੍ਰਬੰਧ ਕੀਤੇ ਜਾਣ | ਉਨ੍ਹਾਂ ਕਿਹਾ ਕਿ ਉਹ ਕੁੱਝ ਦਿਨ ਬਾਅਦ ਮੁੜ ਇਸ ਦਰਿਆ 'ਤੇ ਹੋਣਗੇ ਅਤੇ ਜੇਕਰ ਕਿਸੇ ਵੀ ਰਾਹਤ ਕਾਰਜ ਵਿਚ ਕਮੀ ਪਾਈ ਗਈ ਤਾਂ ਅਧਿਕਾਰੀ ਉਸ ਲਈ ਜ਼ਿੰਮੇਵਾਰ ਹੋਣਗੇ, ਉਨ੍ਹਾਂ 'ਤੇ ਬਣਦੀ ਕਾਰਵਾਈ ਕਰਵਾਈ ਜਾਵੇਗੀ | ਇਸ ਮੌਕੇ ਲੋਕਾਂ ਨੇ ਜਦੋਂ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਚੁੱਕਿਆ ਤਾਂ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਹੁਣ ਇਸ ਇਲਾਕੇ ਅੰਦਰ ਕਿਸੇ ਵੀ ਕੀਮਤ 'ਤੇ ਗੈਰ ਕਾਨੂੰਨੀ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ |