ਲੁਧਿਆਣਾ, 26 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਇਤਿਹਾਸਿਕ ਜਾਮਾ ਮਸਜਿਦ ਫੀਲਡ ਗੰਜ ਚੌਕ ਵਿਖੇ ਉੱਤਰ ਪ੍ਰਦੇਸ਼ ਪ੍ਰਸ਼ਾਸਨ ਵਲੋਂ ਮੁਸਲਮਾਨਾਂ 'ਤੇ ਆਈ ਲਵ ਮੁਹੰਮਦ ਨੂੰ ਲੈ ਕੇ ਦਰਜ ਕੀਤੇ ਗਏ ਮੁਕੱਦਮੇ ਦੀ ਸਖ਼ਤ ਨਿਖੇਧੀ ਕਰਦੇ ਹੋਏ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਵਿਸ਼ਵ ਭਰ ਦੇ ਹਰ ਇਕ ਮੁਸਲਮਾਨ ਤੇ ਆਈ ਲਵ ਮੁਹੰਮਦ ਕਹਿਣਾ ਫਰਜ਼ ਹੈ ਕਿਉਂਕਿ ਪੈਗੰਬਰ ਮੁਹੰਮਦ ਸਲੱਲਾਹੁ ਅਲੈਹੀ ਵਸੱਲਮ ਦੇ ਨਾਲ ਇਸ਼ਕ ਸਾਡੇ ਇਮਾਨ ਦਾ ਹਿੱਸਾ ਹੈ, ਜਦ ਤੱਕ ਸਭ ਇਸ ਦਾ ਇਜ਼ਹਾਰ ਦਿਲ ਤੇ ਜ਼ੁਬਾਨ ਤੋਂ ਨਹੀਂ ਕਰਦੇ ਉਸ ਸਮੇਂ ਤੱਕ ਅਸੀਂ ਮੁਸਲਮਾਨ ਨਹੀਂ ਹੋ ਸਕਦੇ | ਸ਼ਾਹੀ ਇਮਾਮ ਨੇ ਕਿਹਾ ਕਿ ਦੁਨੀਆਂ ਦੀ ਕੋਈ ਤਾਕਤ ਸਾਨੂੰ ਆਪਣੇ ਨਬੀ ਦੇ ਨਾਲ ਇਸ਼ਕ ਕਰਨ ਤੋਂ ਰੋਕ ਨਹੀਂ ਸਕਦੀ | ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਪ੍ਰਸ਼ਾਸਨ ਤੇ ਉਥੇ ਦੀ ਸਰਕਾਰ ਲਗਾਤਾਰ ਦੁਨੀਆਂ ਭਰ ਵਿਚ ਭਾਰਤ ਦੇ ਅਕਸ ਨੂੰ ਖਰਾਬ ਕਰ ਰਹੀ ਹੈ | ਭਾਰਤ ਦੇ ਪ੍ਰਤੀ ਵਿਸ਼ਵ ਭਰ ਦੇ ਲੋਕਾਂ 'ਚ ਇਹ ਰਾਜ ਸਰਕਾਰ ਨਫਰਤ ਦਾ ਸੁਨੇਹਾ ਦੇ ਰਹੀ ਹੈ, ਜਿਸ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਜ਼ਿਕਰਯੋਗ ਹੈ ਕਿ ਅੱਜ ਲੁਧਿਆਣਾ ਦੇ ਮੁਸਲਮਾਨਾਂ ਵਲੋਂ ਮਹਾਮਹਿਮ ਸ੍ਰੀਮਤੀ ਦ੍ਰੋਪਦੀ ਮੁਰਮੁ ਰਾਸ਼ਟਰਪਤੀ ਭਾਰਤ ਦੇ ਨਾਂਅ ਇਕ ਮੈਮੋਰੰਡਮ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦਿੱਤਾ ਗਿਆ, ਜਿਸ ਵਿਚ ਇਹ ਮੰਗ ਕੀਤੀ ਗਈ ਹੈ ਕਿ ਆਈ ਲਵ ਮੁਹੰਮਦ ਦੀ ਪੋਸਟ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਨ ਵਾਲੇ ਯੂ. ਪੀ. ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬਰਖਾਸਤ ਕਰਕੇ ਉਨ੍ਹਾਂ ਖ਼ਿਲਾਫ਼ ਐਫ. ਆਈ. ਆਰ. ਦਰਜ ਕੀਤੀ ਜਾਵੇ ਤੇ ਉਨ੍ਹਾਂ ਦੀ ਡਿਪਾਰਟਮੈਂਟਲ ਜਾਂਚ ਕਰਾਈ ਜਾਏ ਤੇ ਅੱਜ ਦੇ ਇਸ ਮੈਮੋਰੰਡਮ ਵਿਚ ਇਹ ਵੀ ਮੰਗ ਕੀਤੀ ਗਈ ਕਿ ਜਿਨ੍ਹਾਂ ਬੇਗੁਨਾਹ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਨੂੰ ਫੌਰੀ ਤੌਰ 'ਤੇ ਰਿਹਾਅ ਕੀਤਾ ਜਾਵੇ | ਇਸ ਮੌਕੇ ਏ. ਡੀ. ਸੀ. ਰੁਪਿੰਦਰ ਪਾਲ ਸਿੰਘ ਤੇ ਏ. ਡੀ. ਸੀ. ਪੀ.-1 ਸਮੀਰ ਵਰਮਾ ਜਾਮਾ ਮਸਜਿਦ ਲੁਧਿਆਣਾ ਵਿਖੇ ਮੈਮੋਰੈਂਡਮ ਲੈਣ ਲਈ ਪਹੰੁਚੇ |