ਇਆਲੀ/ਥਰੀਕੇ, 26 ਸਤੰਬਰ (ਮਨਜੀਤ ਸਿੰਘ ਦੁੱਗਰੀ)-ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਕਲੌਤੀ ਖੇਤਰੀ ਮਾਂ ਪਾਰਟੀ ਹੈ, ਜਿਸ ਨੇ ਪਿਛਲੀ ਇਕ ਸਦੀ ਪਹਿਲਾਂ ਹੋਈ ਸਥਾਪਨਾ ਤੋਂ ਲੈ ਕੇ ਹੁਣ ਤੱਕ ਪੰਜਾਬ ਅਤੇ ਕਿਸਾਨਾਂ ਤੇ ਆਈ ਹਰ ਔਾਕੜ ਸਮੇਂ ਡਟ ਕੇ ਉਨ੍ਹਾਂ ਦੇ ਹੱਕ 'ਚ ਖੜ੍ਹਦਿਆਂ ਉਨ੍ਹਾਂ ਦੇ ਅਧਿਕਾਰਾਂ ਦੀ ਪੈਰਵਾਈ ਕੀਤੀ ਹੈ | ਇਹ ਪ੍ਰਗਟਾਵਾ ਸਾਬਕਾ ਮੰਤਰੀ ਤੇ ਸ਼ੋ੍ਰਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਕੌਮੀ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਅਕਾਲੀ ਆਗੂ ਸੰਦੀਪ ਸਿੰਘ ਖੋਸਾ ਦੇ ਘਰ ਪਰਿਵਾਰਕ ਦੌਰਾ ਕਰਨ ਸਮੇਂ ਗੱਲਬਾਤ ਕਰਦਿਆਂ ਕੀਤਾ | ਜਥੇ: ਗਾਬੜੀਆਂ ਨੇ ਕਿਹਾ ਕਿ ਸੂਬੇ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ ਬਿਨਾਂ ਕਿਸੇ ਪ੍ਰਵਾਹ ਕੀਤਿਆਂ ਪਿਛਲੇ ਦਿਨੀਂ ਸੂਬੇ ਅੰਦਰ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ 'ਚ ਜ਼ਮੀਨੀ ਪੱਧਰ 'ਤੇ ਜਾ ਕੇ ਮੁਸ਼ਕਿਲਾਂ ਨੂੰ ਸੁਣਿਆ ਅਤੇ ਲੋੜਵੰਦ, ਜਿਸ ਨੂੰ ਚਾਹੇ ਨਕਦ ਆਰਥਿਕ ਮਦਦ ਤੋਂ ਲੈ ਕੇ ਖੇਤਾਂ ਅਤੇ ਘਰਾਂ ਵਿਚੋਂ ਪਾਣੀ ਕੱਢਣ ਲਈ ਪੰਪ, ਖੇਤਾਂ ਵਿਚੋਂ ਗਾਰ ਕੱਢਣ ਲਈ ਟਰੈਕਟਰਾਂ ਲਈ ਡੀਜ਼ਲ, ਮਨੁੱਖਾਂ ਅਤੇ ਪਸ਼ੂਆਂ ਲਈ ਹੜ੍ਹਾਂ ਤੋਂ ਬਾਅਦ ਫੈਲਣ ਵਾਲੀਆਂ ਬਿਮਾਰੀਆਂ ਲਈ ਦਵਾਈਆਂ, ਡਾਕਟਰਾਂ ਦੀਆਂ ਟੀਮਾਂ ਭੇਜ ਕੇ, ਡੰਗਰਾਂ ਲਈ ਹਰ ਤਰ੍ਹਾਂ ਦਾ ਚਾਰਾ ਦੇ ਕੇ ਅਤੇ ਆਉਣ ਵਾਲੀ ਹਾੜੀ ਦੀ ਫ਼ਸਲ ਕਣਕ ਦੀ ਬਿਜਾਈ ਲਈ ਬੀਜ ਆਦਿ ਦੇਣ ਦਾ ਵਾਅਦਾ ਕਰਕੇ ਆਪਣੇ ਦਿਲ 'ਚ ਪੰਜਾਬ ਲਈ ਦਰਦ ਹੋਣ ਦੀ ਵਿਲੱਖਣ ਤਸਵੀਰ ਪੇਸ਼ ਕੀਤੀ ਹੈ | ਇਸ ਨੂੰ ਲੈ ਕੇ ਪੰਜਾਬ ਦਾ ਹਰ ਵਾਸੀ ਪਿਛਲੀ ਅਕਾਲੀ ਸਰਕਾਰ ਦੇ ਸ਼ਾਸਨ ਦੌਰਾਨ ਕੀਤੇ ਵਿਕਾਸ ਕਾਰਜਾਂ ਅਤੇ ਆਪਣੇ ਆਪ ਨੂੰ ਇਨਕਲਾਬੀ ਦੱਸਣ ਵਾਲੀ ਪਾਰਟੀ ਦੀ ਸਰਕਾਰ ਦੇ ਕੀਤੇ ਕੰਮਾਂ ਦੀ ਤੁਲਨਾ ਕਰਦਾ ਆਪਣੇ ਆਪ ਨੂੰ ਠਗਿਆ ਮਹਿਸੂਸ ਕਰਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਕਾਰਨ ਆਈ ਗੰਭੀਰ ਸਥਿਤੀ ਮੌਕੇ ਜਿਥੇ ਬਾਕੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸਿਰਫ਼ 'ਫਾਰਮੈਲਟੀਆਂ' ਪੂਰੀਆਂ ਕਰ ਰਹੇ ਹਨ, ਉੱਥੇ ਹੀ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਸਾਰੇ ਰੁਝੇਵੇਂ ਤਿਆਗ ਕੇ ਬਿਨਾਂ ਕਿਸੇ ਸਵਾਰਥ ਤੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਮੈਦਾਨ ਵਿਚ ਨਿੱਤਰੇ ਹੋਏ ਹਨ | ਇਸ ਮੌਕੇ ਕੁਲਦੀਪ ਸਿੰਘ ਖਾਲਸਾ, ਗੁਰਦੀਪ ਸਿੰਘ ਲੀਲ, ਜਤਿੰਦਰ ਸਿੰਘ ਖਾਲਸਾ, ਜਗਦੀਸ਼ ਸਿੰਘ ਬਿੱਟੂ, ਬਿਕਰਮਜੀਤ ਸਿੰਘ ਬੇਦੀ ਆਦਿ ਵੀ ਉਨ੍ਹਾਂ ਨਾਲ ਹਾਜ਼ਰ ਸਨ |