ਲੁਧਿਆਣਾ, 27 ਸਤੰਬਰ (ਭੁਪਿੰਦਰ ਸਿੰਘ ਬੈਂਸ)-ਰੇਲ ਰਾਜ ਮੰਤਰੀ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਲੁਧਿਆਣਾ 'ਚ ਨਵੇਂ ਬਣੇ ਰੇਲਵੇ ਸਿਹਤ ਸਹੂਲਤ ਕੇਂਦਰ ਦਾ ਉਦਘਾਟਨ ਕੀਤਾ ਗਿਆ | ਇਹ ਕੇਂਦਰ ਰੇਲਵੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਡਾਕਟਰੀ ਸੇਵਾਵਾਂ ਮੁਹੱਈਆ ਕਰੇਗਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਿੱਟੂ ਨੇ ਦੱਸਿਆ ਕਿ ਲਗਭਗ 7.5 ਕਰੋੜ ਦੀ ਲਾਗਤ ਨਾਲ ਬਣੇ ਇਸ ਅਤਿ-ਆਧੁਨਿਕ ਕੇਂਦਰ ਦਾ ਨਿਰਮਾਣ 1,800 ਵਰਗ ਮੀਟਰ ਖੇਤਰਫਲ ਵਿਚ ਕੀਤਾ ਗਿਆ ਹੈ | ਇਸ ਮੌਕੇ ਬਿੱਟੂ ਵਲੋਂ 12 ਹਜ਼ਾਰ ਕਰੋੜ ਰੁਪਏ ਐਸ.ਡੀ.ਆਰ.ਐਫ. ਫੰਡ ਨੰੂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਲਗਾਇਆ ਗਿਆ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਕਹਿ ਰਹੇ ਹਨ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੁਲਾਕਾਤ ਦਾ ਸਮਾਂ ਮੰਗ ਰਹੇ ਹਨ ਤੇ ਉਨ੍ਹਾਂ ਨੰੂ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ | ਇਹ ਕਹਿ ਕੇ ਮਾਨ ਸੂਬਾ ਵਾਸੀਆਂ ਨੰੂ ਗੁਮਰਾਹ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜਦ ਸੂਬੇ 'ਚ ਹੜ੍ਹ ਆਇਆ ਤਾਂ ਕੇਂਦਰ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਮਾਨ ਮੁਲਾਕਾਤ ਕਰਨਾ ਚਾਹੁੰਦੇ ਹਨ ਤਾਂ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਡਰ ਕਿਉਂ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੰੂ ਡਰ ਲੱਗ ਰਿਹਾ ਹੈ ਕਿ ਕਿਤੇ ਉਨ੍ਹਾਂ ਤੋਂ 12 ਹਜ਼ਾਰ ਕਰੋੜ ਰੁਪਏ ਐਸ.ਡੀ.ਆਰ.ਐਫ. ਫੰਡ ਦਾ ਹਿਸਾਬ ਨਾ ਮੁੱਖ ਮੰਤਰੀ ਤੋਂ ਮੰਗ ਲਿਆ ਜਾਵੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੰੂ ਹੜ੍ਹ ਦੇ ਮੁੱਦੇ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ | ਇਸ ਮੌਕੇ ਸੰਜੀਵ ਕੁਮਾਰ (ਡੀ.ਆਰ.ਐਮ. ਫ਼ਿਰੋਜ਼ਪੁਰ), ਅਜੈ ਵਰਸ਼ਨੇ, ਡਾ. ਚੇਤਨਾ ਕਪੂਰ, ਰਿਸ਼ੀ ਪਾਂਡੇ, ਸੁਮਿਤ ਖੁਰਾਨਾ, ਸ਼ੁਭਮ ਖੁਰਾਨਾ, ਅਜਯਪਾਲ ਅਤੇ ਆਦਿਤਿਆ ਮੇਹਰਾ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ |