ਲੁਧਿਆਣਾ, 27 ਸਤੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਲਗਾਇਆ ਗਿਆ ਦੋ ਰੋਜ਼ਾ 'ਪਸ਼ੂ ਪਾਲਣ ਮੇਲਾ' ਅੱਜ ਡੇਅਰੀ ਪਸ਼ੂਆਂ ਦੀ ਅਗਲੀ ਨਸਲ ਦੀ ਬਿਹਤਰ ਸੰਭਾਲ ਕਰਨ ਦੇ ਸੁਨੇਹੇ ਨਾਲ ਸੰਪੂਰਨ ਹੋ ਗਿਆ | ਅੱਜ ਦੂਜੇ ਦਿਨ ਸਮਾਪਨ ਅਤੇ ਇਨਾਮ ਵੰਡ ਸਮਾਰੋਹ ਮੌਕੇ ਰਾਹੁਲ ਭੰਡਾਰੀ, ਆਈ.ਏ.ਐਸ., ਵਿੱਤੀ ਕਮਿਸ਼ਨਰ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਪੰਜਾਬ ਸਰਕਾਰ ਬਤੌਰ ਮੁੱਖ ਮਹਿਮਾਨ ਪਧਾਰੇ | ਭੰਡਾਰੀ ਨੇ ਕਿਹਾ ਕਿ ਪੰਜਾਬ ਦੁੱਧ ਉਤਪਾਦਨ 'ਚ ਸਾਰੇ ਮੁਲਕ ਵਿਚੋਂ ਅੱਗੇ ਹੈ ਪਰ ਸਾਡੇ ਕੋਲ ਅਜੇ ਵੀ ਬਰਾਜ਼ੀਲ ਵਰਗੇ ਮੁਲਕ ਵਾਂਗ ਅੱਗੇ ਵਧਣ ਦੀ ਸੰਭਾਵਨਾਵਾਂ ਹਨ | ਉਨ੍ਹਾਂ ਬੱਕਰੀ ਪਾਲਣ ਦੇ ਕਿੱਤੇ ਨੂੰ ਹੋਰ ਪ੍ਰਫੁੱਲਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਵਿਗਿਆਨੀਆਂ ਨੂੰ ਪਿੰਡਾਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਤਰੱਕੀ ਲਈ ਕੰਮ ਕਰਨਾ ਚਾਹੀਦਾ ਹੈ | ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ ਕੁਲਪਤੀ ਨੇ ਯੂਨੀਵਰਸਿਟੀ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਯੂਨੀਵਰਸਿਟੀ ਵਲੋਂ ਅਤੇ ਫੀਡ ਕੰਪਨੀਆਂ ਵਲੋਂ ਪਾਏ ਯੋਗਦਾਨ ਦੀ ਚਰਚਾ ਕੀਤੀ | ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਵਿਖੇ ਇਕ ਆਧੁਨਿਕ ਫੀਡ ਜਾਂਚ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਜਾ ਰਹੀ ਹੈ | ਹਸਪਤਾਲੀ ਸੇਵਾਵਾਂ ਦੀ ਚਰਚਾ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਯੂਨੀਵਰਸਿਟੀ ਵਿਖੇ ਅਗਲੇ ਸਾਲ ਤਕ ਵੱਡੇ ਪਸ਼ੂਆਂ ਦਾ ਨਵਾਂ ਹਸਪਤਾਲ ਅਤੇ ਘੋੜਿਆਂ ਦਾ ਹਸਪਤਾਲ ਬਣਾਇਆ ਜਾ ਰਿਹਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਨਵੇਂ ਉਦਮੀਆਂ ਲਈ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਪ੍ਰਦਾਨ ਕਰ ਸਕਦੀ ਹੈ | ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਸਾਡੇ ਕੁੱਝ ਵਿਭਾਗ ਪਸ਼ੂ ਪਾਲਣ ਸਬੰਧੀ ਸੇਵਾਵਾਂ ਦਿੰਦੇ ਹਨ ਜਦਕਿ ਕੁੱਝ ਵਿਭਾਗ ਪਸ਼ੂ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਨਵੇਂ ਉਤਪਾਦ ਤਿਆਰ ਕਰਨ ਸਬੰਧੀ ਸਿੱਖਿਅਤ ਕਰਦੇ ਹਨ | ਉਨ੍ਹਾਂ ਕਿਹਾ ਕਿ ਸਜਾਵਟੀ ਮੱਛੀਆਂ, ਮੱਛੀਆਂ ਲਈ ਐਕਵੇਰੀਅਮ, ਬੋਤਲ ਬੰਦ ਸੁਗੰਧਿਤ ਦੁੱਧ, ਲੱਸੀ, ਪਨੀਰ, ਮੀਟ ਅਤੇ ਆਂਡਿਆਂ ਦੇ ਆਚਾਰ, ਕੋਫ਼ਤੇ, ਪੈਟੀਆਂ, ਬਾਲ ਅਤੇ ਮੱਛੀ ਦੇ ਕੀਮੇ ਤੋਂ ਤਿਆਰ ਕੀਤੀਆਂ ਕਈ ਤਰ੍ਹਾਂ ਦੀਆਂ ਸੁਆਦੀ ਵੰਨਗੀਆਂ ਬਣਾਈਆਂ ਜਾ ਸਕਦੀਆਂ ਹਨ | ਉਘੇ ਕਲਾਕਾਰ ਡਾ. ਵੀਰ ਸੁਖਵੰਤ, ਇੰਦਰਜੀਤ ਨਿੱਕੂ ਅਤੇ ਕਮਲ ਕਰਤਾਰ ਨੇ ਆਪਣੇ ਗੀਤਾਂ ਨਾਲ ਕਿਸਾਨਾਂ ਦਾ ਭਰਪੂਰ ਮਨੋਰੰਜਨ ਕੀਤਾ | ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗਾਂ, ਦਵਾਈਆਂ, ਮਸ਼ੀਨਰੀ, ਪੰਜਾਬ ਸਰਕਾਰ ਦੇ ਪਸ਼ੂ ਪਾਲਣ ਮਹਿਕਮਿਆਂ ਤੇ ਯੂਨੀਵਰਸਿਟੀ ਨਾਲ ਜੁੜ ਕੇ ਕੰਮ ਕਰ ਰਹੀਆਂ ਜਥੇਬੰਦੀਆਂ ਦੇ 100 ਤੋਂ ਵਧੇਰੇ ਸਟਾਲ ਲੱਗੇ ਹੋਏ ਸਨ | ਇਨ੍ਹਾਂ ਸਟਾਲਾਂ ਵਿਚੋਂ ਤਾਰਾ ਫੀਡਜ਼ ਨੂੰ ਪਹਿਲਾ, ਜ਼ੈਨੇਕਸ ਐਨੀਮਲ ਹੈਲਥ ਨੂੰ ਦੂਸਰਾ, ਡੀਲਾਵਲ ਨੂੰ ਤੀਸਰਾ ਜਦਕਿ ਸਪੈਂਕੋ ਨੂੰ ਹੌਂਸਲਾ ਵਧਾਊ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਨਿਵਾਜਿਆ ਗਿਆ | ਯੂਨੀਵਰਸਿਟੀ ਸ਼੍ਰੇਣੀ ਵਿਚ ਡਾਇਰੈਕਟੋਰੇਟ ਆਫ ਲਾਈਵ ਸਟਾਕ ਫਾਰਮਜ਼ ਨੂੰ ਪਹਿਲਾ, ਕਿ੍ਸ਼ੀ ਵਿਗਿਆਨ ਕੇਂਦਰ, ਮੋਹਾਲੀ ਨੂੰ ਦੂਜਾ, ਟੀਚਿੰਗ ਵੈਟਰਨਰੀ ਕਲੀਨੀਕਲ ਕੰਪਲੈਕਸ ਨੂੰ ਤੀਸਰਾ ਅਤੇ ਵਿਦਿਆਰਥੀਆਂ ਦੇ ਸੇਲ ਕਾਊਾਟਰ ਨੂੰ ਹੌਸਲਾ ਵਧਾਊ ਇਨਾਮ ਪ੍ਰਾਪਤ ਹੋਇਆ | ਇਸ ਮੌਕੇ ਰਾਹੁਲ ਭੰਡਾਰੀ, ਵਿੱਤੀ ਕਮਿਸ਼ਨਰ, ਕੁਲਦੀਪ ਸਿੰਘ, ਨਿਰਦੇਸ਼ਕ ਡੇਅਰੀ ਵਿਕਾਸ ਵਿਭਾਗ, ਡਾ. ਕੇਵਲ ਅਰੋੜਾ ਅਤੇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੂੰ ਸਨਮਾਨਿਤ ਕੀਤਾ ਗਿਆ |