ਲੁਧਿਆਣਾ, 27 ਸਤੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ) ਦੀ ਵੈਟਰਨਰੀ ਸਟੂਡੈਂਟਸ ਯੂਨੀਅਨ ਵਲੋਂ ਸ਼ੁਰੂ ਕੀਤੀ ਅਣਮਿੱਥੇ ਸਮੇਂ ਲਈ ਹੜਤਾਲ ਸ਼ਨੀਵਾਰ ਨੂੰ ਤੀਜੇ ਦਿਨ 'ਚ ਦਾਖ਼ਲ ਹੋ ਗਈ | ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਅੰਦਰ ਸੜਕ ਕਿਨਾਰੇ ਸ਼ਾਂਤਮਈ ਧਰਨਾ ਲਗਾਇਆ | ਪ੍ਰਦਰਸ਼ਨ ਦੇ ਨਾਲ-ਨਾਲ ਯੂਨੀਅਨ ਮੈਂਬਰਾਂ ਨੇ ਯੂਨੀਵਰਸਿਟੀ ਮੈਦਾਨਾਂ ਵਿਚ ਚੱਲ ਰਹੇ ਕਿਸਾਨ ਅਤੇ ਪਸ਼ੂਪਾਲਣ ਮੇਲੇ ਵਿਚ ਆਏ ਮੁਲਾਕਾਤੀਆਂ ਨੂੰ ਪੀਣ ਵਾਲਾ ਪਾਣੀ ਵੰਡ ਕੇ (ਜਲ ਸੇਵਾ) ਵਲੰਟੀਅਰੀ ਸੇਵਾ ਵੀ ਨਿਭਾਈ | ਅੱਜ ਯੂਨੀਅਨ ਨੇ ਡੀਨ, ਕਾਲਜ ਆਫ਼ ਵੈਟਰਨਰੀ ਸਾਇੰਸ ਅਤੇ ਟੀ.ਵੀ.ਸੀ.ਸੀ. ਹੈੱਡ ਆਫ਼ ਵੈਟਰਨਰੀ ਕਲੀਨਿਕਸ, ਗਡਵਾਸੂ ਨੂੰ ਇਕ ਅਧਿਕਾਰਕ ਪੱਤਰ ਭੇਜ ਕੇ 30 ਸਤੰਬਰ ਮੰਗਲਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ 4 ਘੰਟਿਆਂ ਲਈ ਓ.ਪੀ.ਡੀ. ਸੇਵਾਵਾਂ ਮੁਅੱਤਲ ਕਰਨ ਬਾਰੇ ਸੂਚਿਤ ਕੀਤਾ | ਯੂਨੀਅਨ ਦੀ ਮੁੱਖ ਮੰਗ ਹੈ ਕਿ ਬੀ.ਵੀ.ਐਸ.ਸੀ. ਅਤੇ ਏ.ਐਚ. ਇੰਟਰਨਾਂ ਦਾ ਮਹੀਨਾਵਾਰ ਭੱਤਾ 15,000 ਰੁਪਏ ਤੋਂ ਤੁਰੰਤ ਵਧਾ ਕੇ 24,310 ਰੁਪਏ ਕੀਤਾ ਜਾਵੇ | ਵਿਦਿਆਰਥੀ ਪ੍ਰਤੀਨਿਧੀਆਂ ਨੇ ਚਾਨਣਾ ਪਾਇਆ ਕਿ ਮੌਜੂਦਾ ਭੱਤਾ ਗੁਆਂਢੀ ਰਾਜਾਂ ਦੀਆਂ ਵੈਟਰਨਰੀ ਯੂਨੀਵਰਸਿਟੀਆਂ, ਜਿਵੇਂ ਕਿ ਲੁਵਾਸ (24,310), ਰਾਜੂਵਾਸ (22,000) ਅਤੇ ਬੀ.ਐਚ.ਯੂ. (23,500), ਦੇ ਮੁਕਾਬਲੇ ਕਾਫ਼ੀ ਘੱਟ ਹੈ ਅਤੇ ਪੰਜਾਬ ਵਿਚ ਬੀ.ਡੀ.ਐਸ. (22,000) ਅਤੇ ਐਮ.ਬੀ.ਬੀ.ਐਸ. ਇੰਟਰਨਜ਼ (22,000) ਨਾਲੋਂ ਵੀ ਕਾਫ਼ੀ ਘੱਟ ਹੈ | ਉਨ੍ਹਾਂ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਇੰਟਰਨਸ਼ਿਪ ਭੱਤੇ ਵਿਚ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ. ਵਲੋਂ ਫੰਡ ਦਿੱਤਾ ਜਾਂਦਾ ਹੈ, ਪਰ ਪੰਜਾਬ ਸਰਕਾਰ ਵਲੋਂ ਕੋਈ ਯੋਗਦਾਨ ਨਹੀਂ ਦਿੱਤਾ ਜਾਂਦਾ | ਇਸ ਸਬੰਧੀ ਯੂਨੀਅਨ ਨੇ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵਿਦਿਆਰਥੀ ਪ੍ਰਤੀਨਿਧੀਆਂ ਦੀ ਮੀਟਿੰਗ ਤੁਰੰਤ ਬੁਲਾਈ ਜਾਵੇ |