ਲੁਧਿਆਣਾ, 18 ਅਕਤੂਬਰ (ਜਤਿੰਦਰ ਭੰਬੀ)-ਲੁਧਿਆਣਾ ਵੈਟਰਨਰੀ ਯੂਨੀਵਰਸਿਟੀ ਦੇ ਵੈਟਰਨਰੀ ਸਟੂਡੈਂਟਸ ਯੂਨੀਅਨ ਨੇ ਇਸ ਸਾਲ Tਕਾਲੀ ਦੀਵਾਲੀU ਮਨਾਉਣ ਦਾ ਐਲਾਨ ਕੀਤਾ ਹੈ, ਕਿਉਂਕਿ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਅਜੇ ਵੀ ਅਣਸੁਣੀਆਂ ਰਹੀਆਂ ਹਨ | ਇਹ ਫ਼ੈਸਲਾ ਵਿਦਿਆਰਥੀਆਂ ਵਿਚ ਵੱਧ ਰਹੀ ਨਾਰਾਜ਼ਗੀ ਨੂੰ ਦਰਸਾਉਂਦਾ ਹੈ, ਜੋ ਪਿਛਲੇ 24 ਦਿਨਾਂ ਤੋਂ ਯੂਨੀਵਰਸਿਟੀ ਦੇ ਵੈਟਰਨਰੀ ਹਸਪਤਾਲ ਵਿਚ ਸ਼ਾਂਤੀਪੂਰਨ ਤਰੀਕੇ ਨਾਲ ਅਨਿਸ਼ਚਿਤ ਹੜਤਾਲ 'ਤੇ ਬੈਠੇ ਹਨ | ਲੰਬੇ ਸਮੇਂ ਤੋਂ ਚੱਲ ਰਹੇ ਇਸ ਅੰਦੋਲਨ ਦੇ ਬਾਵਜੂਦ ਅਜੇ ਤੱਕ ਕਿਸੇ ਵੀ ਸਰਕਾਰੀ ਮੰਤਰੀ ਨੇ ਹੜਤਾਲ ਸਥਾਨ ਦਾ ਦੌਰਾ ਨਹੀਂ ਕੀਤਾ ਅਤੇ ਨਾ ਹੀ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕੀਤੀ ਹੈ | ਯੂਨੀਅਨ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਲਈ ਕਈ ਵਾਰ ਬੇਨਤੀ ਕੀਤੀ ਹੈ, ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ | ਵਿਦਿਆਰਥੀਆਂ ਨੇ ਸਰਕਾਰ ਵਲੋਂ ਦਿਖਾਈ ਗਈ ਇਸ ਲਾਪਰਵਾਹੀ 'ਤੇ ਨਿਰਾਸ਼ਾ ਜਤਾਈ ਹੈ | ਵਿਦਿਆਰਥੀਆਂ ਨੇ ਕਿਹਾ ਕਿ ਸਰਕਾਰ ਸਿੱਖਿਆ ਅਤੇ ਸਿਹਤ ਖੇਤਰ ਦੇ ਸੁਧਾਰ ਲਈ ਵਚਨਬੱਧ ਹੋਣ ਦਾ ਦਾਅਵਾ ਕਰਦੀ ਹੈ | ਉਨ੍ਹਾਂ ਕਿਹਾ ਕਿ ਦੀਵਾਲੀ ਇਸ ਵਾਰ ਵੈਟਰਨਰੀ ਵਿਦਿਆਰਥੀਆਂ ਲਈ ਦੁੱਖ ਅਤੇ ਵਿਰੋਧ ਦਾ ਪ੍ਰਤੀਕ ਬਣੇਗੀ | ਪਿਛਲੇ ਹਫ਼ਤੇ ਵਿੱਤ ਵਿਭਾਗ ਦੇ ਪਿ੍ੰਸੀਪਲ ਸਕੱਤਰ, ਆਲੋਕ ਸ਼ੇਖਰ ਨਾਲ ਇਕ ਮੀਟਿੰਗ ਹੋਈ ਸੀ, ਪਰ ਯੂਨੀਅਨ ਦਾ ਕਹਿਣਾ ਹੈ ਕਿ ਇਸ ਮੀਟਿੰਗ ਤੋਂ ਕੋਈ ਠੋਸ ਨਤੀਜਾ ਨਹੀਂ ਨਿਕਲਿਆ | ਪੁਲਿਸ ਅਧਿਕਾਰੀ ਡੀ.ਐਸ.ਪੀ. ਜਤਿੰਦਰਪਾਲ, ਐਸ.ਐਚ.ਓ. ਵਿਜੇ ਕੁਮਾਰ ਅਤੇ ਐਸ.ਐਚ.ਓ. ਆਦਿਤਿਆ ਸ਼ਰਮਾ ਤੋਂ ਇਲਾਵਾ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਜਿਵੇਂ ਕਿ ਕਾਲਜ ਆਫ਼ ਵੈਟਰਨਰੀ ਸਾਇੰਸ ਦੇ ਡੀਨ, ਪੋਸਟਗ੍ਰੈਜੂਏਟ ਸਟੱਡੀਜ਼ ਦੇ ਡੀਨ ਅਤੇ ਡਾਇਰੈਕਟਰ ਸਟੂਡੈਂਟ ਵੈੱਲਫੇਅਰ ਨੇ ਸੋਮਵਾਰ ਨੂੰ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਸੀ ਕਿ 25 ਅਕਤੂਬਰ ਤੋਂ ਪਹਿਲਾਂ ਵਿੱਤ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ, ਪਰ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਕ ਪੁਸ਼ਟੀ ਜਾਂ ਅੱਪਡੇਟ ਨਹੀਂ ਦਿੱਤੀ ਗਈ | ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਮੌਨ ਰਹੀ, ਤਾਂ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ |