ਲੁਧਿਆਣਾ, 18 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਪ੍ਰੇਮ ਵਿਹਾਰ ਕਾਲੋਨੀ ਵਿਚ ਅੱਜ ਸ਼ਾਮ ਗੁਆਂਢੀ ਵਲੋਂ ਚਲਾਈਆਂ ਗਈਆਂ ਗੋਲੀਆਂ ਵਿਚ ਇਕ ਹੌਜ਼ਰੀ ਵਪਾਰੀ ਜ਼ਖਮੀ ਹੋ ਗਿਆ | ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ | ਜਾਣਕਾਰੀ ਅਨੁਸਾਰ ਜ਼ਖਮੀ ਹੋਏ ਹੌਜ਼ਰੀ ਵਪਾਰੀ ਦੀ ਸ਼ਨਾਖਤ ਵਿਨੋਦ ਸ਼ਰਮਾ ਵਜੋਂ ਕੀਤੀ ਗਈ ਹੈ, ਉਸ ਦੀ ਉਮਰ 32 ਸਾਲ ਦੇ ਕਰੀਬ ਸੀ | ਅੱਜ ਸ਼ਾਮ ਵਿਨੋਦ ਸ਼ਰਮਾ ਆਪਣੀ ਗਲੀ ਵਿਚ ਖੜ੍ਹਾ ਸੀ ਕਿ ਇਸ ਦੌਰਾਨ ਕਥਿਤ ਦੋਸ਼ੀ ਸੰਜੇ ਸ਼ਰਮਾ ਆਪਣੇ ਦੋ ਸਾਥੀਆਂ ਨਾਲ ਉਥੇ ਆਇਆ ਤੇ ਉਸ ਨੇ ਵਿਨੋਦ ਸ਼ਰਮਾ 'ਤੇ ਕਥਿਤ ਤੌਰ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਉਸ ਵਲੋਂ ਚਲਾਈਆਂ ਦੋ ਗੋਲੀਆਂ ਵਿਨੋਦ ਸ਼ਰਮਾ ਦੇ ਲੱਗੀਆਂ | ਲਹੂ ਲੁਹਾਨ ਹੋਇਆ ਵਿਨੋਦ ਸ਼ਰਮਾ ਉਥੇ ਹੀ ਡਿਗ ਪਿਆ | ਰੌਲੇ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ, ਜਿਸ 'ਤੇ ਦੋਸ਼ੀ ਉਥੋਂ ਫ਼ਰਾਰ ਹੋ ਗਏ | ਵਿਨੋਦ ਸ਼ਰਮਾ ਦੇ ਪੇਟ ਅਤੇ ਪਿੱਠ 'ਤੇ ਗੋਲੀਆਂ ਲੱਗੀਆਂ ਹਨ | ਉਨ੍ਹਾਂ ਨੂੰ ਇਲਾਜ ਲਈ ਦਿਆਨੰਦ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਦਾ ਆਪੇ੍ਰਸ਼ਨ ਕੀਤਾ ਜਾ ਰਿਹਾ ਹੈ | ਸੂਚਨਾ ਮਿਲਦੇ ਪੁਲਿਸ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ | ਜਾਂਚ ਕਰ ਰਹੇ ਐਸ.ਐਚ.ਓ. ਦਲਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਵਿਨੋਦ ਸ਼ਰਮਾ ਅਤੇ ਉਸ ਦੇ ਗੁਆਂਢੀ ਸੰਜੇ ਸ਼ਰਮਾ ਵਿਚਾਲੇ ਰੰਜ਼ਿਸ਼ ਚੱਲ ਰਹੀ ਸੀ, ਜਿਸ ਕਾਰਨ ਇਸ ਘਟਨਾ ਨੂੰ ਉਸ ਵਲੋਂ ਅੰਜਾਮ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਵਿਨੋਦ ਸ਼ਰਮਾ ਦੇ ਬਿਆਨ ਲਏ ਜਾ ਰਹੇ ਹਨ ਅਤੇ ਬਿਆਨਾਂ ਦੇ ਆਧਾਰ 'ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਜੇਕਰ ਕੋਈ ਹੋਰ ਦੋਸ਼ੀ ਵੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ | ਦਿਨ ਦਿਹਾੜੇ ਚੱਲੀ ਗੋਲੀ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ |