ਲੁਧਿਆਣਾ, 19 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ, ਜਿਸ 'ਚ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰਬਾਣੀ ਸ਼ਬਦਾਂ ਦੇ ਹਵਾਲਿਆਂ ਰਾਹੀਂ ਸਮਝਾਇਆ ਕਿ ਆਤਮਾ ਅਤੇ ਮੋਹ ਦਾ ਹਨੇਰਾ ਦੂਰ ਕਰਨਾ ਬਹੁਤ ਮੁਸ਼ਕਿਲ ਹੈ | ਉਨ੍ਹਾਂ ਸਮਝਾਇਆ ਕਿ ਪ੍ਰਮਾਤਮਾ ਆਤਮਿਕ ਗਿਆਨ ਉਸ ਨੂੰ ਹੀ ਦਿੰਦਾ ਹੈ, ਜਿਹੜੀ ਰੂਹਾਂ ਉਸਦੇ ਨਾਮ ਰੰਗ 'ਚ ਰੰਗੀ ਹੁੰਦੀ ਹੈ | ਬਾਬਾ ਜੀ ਨੇ ਜ਼ੋਰ ਦਿੰਦਿਆਂ ਕਿਹਾ ਨਾਸ਼ਵਾਨ ਸੰਸਾਰ ਅੰਦਰ ਕੇਵਲ ਤੇ ਕੇਵਲ ਅਮਰ ਉਹ ਪਾਰਬ੍ਰਹਮ ਪਰਮੇਸ਼ਰ ਹੈ, ਜਿਸ ਨੇ ਇਸ ਜਗਤ ਦੀ ਰਚਨਾ ਕੀਤੀ ਹੈ ਤੇ ਉਸ ਦੀ ਓਟ ਸਦਕਾ ਹੀ ਮਾਨਵ ਦਾ ਕਲਿਆਣ ਹੁੰਦਾ ਹੈ | ਮਾਇਆ ਦਾ ਨਸ਼ਾ ਮਾਨਵ 'ਚ ਲੋਭ ਤੇ ਹੰਕਾਰ ਭਰਦਾ ਹੈ ਅਤੇ ਅੰਤ ਵਿਚ ਉਸ ਦਾ ਨਾਸ਼ ਕਰ ਦਿੰਦਾ ਹੈ | ਬਾਬਾ ਜੀ ਨੇ ਗੁਰਬਾਣੀ ਦੇ ਹਵਾਲੇ ਨਾਲ ਸਮਝਾਇਆ ਕਿ ਜਿਨ੍ਹਾਂ ਦੇ ਹਿਰਦੇ ਵਿਚ ਹਰ ਵਕਤ ਅਕਾਲ ਪੁਰਖ ਵਾਹਿਗੁਰੂ ਪ੍ਰਤੀ ਪ੍ਰੀਤ ਰਹਿੰਦੀ ਹੈ, ਉਹ ਸਤ ਤੇ ਸੰਤੋਖ ਦੇ ਅਭਿਆਸ ਦੁਆਰਾ ਹਿਰਦੇ 'ਚੋਂ ਕਪਟ ਤੇ ਵਿਕਾਰ ਤੋਂ ਮੁਕਤੀ ਪਾ ਲੈਂਦਾ ਹੈ |