ਲੁਧਿਆਣਾ, 31 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਨ੍ਹਾਂ ਦੇ ਅਨਿਨ ਸੇਵਕ ਭਾਈ ਮਤੀਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਿੱਖ ਸਕੂਲ ਆਫ਼ ਮਿਊਜ਼ਿਕ ਲੁਧਿਆਣਾ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਤੰਤੀ ਸਾਜਾਂ ਦੇ ਨਾਲ ਦੋ ਰੋਜ਼ਾ ਵਿਸ਼ੇਸ਼ ਰਾਗ ਕੀਰਤਨ ਦਰਬਾਰ 'ਚ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਗੁ: ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ ਨੇ ਕਿਹਾ ਕਿ ਗੁਰੂ ਸਾਹਿਬਾਨ ਵਲੋਂ ਬਖਸ਼ੀ ਗੁਰਮਤਿ ਸੰਗੀਤ ਕਲਾ ਤੇ ਵਿਰਾਸਤੀ ਤੰਤੀ ਸਾਜ਼ਾਂ ਦੇ ਰਾਹੀਂ ਨਿਰਧਾਰਿਤ ਰਾਗਾਂ ਵਿਚ ਗੁਰਬਾਣੀ ਕੀਰਤਨ ਕਰਨ ਦੀ ਪੱਧਤੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰਮਤਿ ਸੰਗੀਤ ਕਲਾ ਨੂੰ ਸੰਸਾਰ ਪੱਧਰ ਤੇ ਹੋਰ ਉਤਸ਼ਾਹਿਤ ਕਰਨ ਦੀ ਵੱਡੀ ਲੋੜ ਹੈ | ਉਨ੍ਹਾਂ ਕਿਹਾ ਕਿ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਿੱਖ ਸਕੂਲ ਆਫ਼ ਮਿਊਜ਼ਿਕ ਲੁਧਿਆਣਾ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਕਰਵਾਇਆ ਦੋ ਰੋਜ਼ਾ ਵਿਸ਼ੇਸ਼ ਰਾਗ ਕੀਰਤਨ ਦਰਬਾਰ ਆਪਣੇ ਵਿਚ ਇਕ ਵਿਲੱਖਣ ਤੇ ਮਿਸਾਲੀ ਕਾਰਜ ਹੈ ਜੋ ਕਿ ਸੰਗਤਾਂ ਅਤੇ ਗੁਰਮਤਿ ਸੰਗੀਤ ਪ੍ਰੇਮੀਆਂ ਲਈ ਇਕ ਯਾਦਗਾਰੀ ਕੀਰਤਨ ਦਰਬਾਰ ਹੋ ਨਿੱਬੜਿਆ ਹੈ | ਜਿਸ ਦੇ ਲਈ ਮੈਂ ਪ੍ਰੋ. ਗੁਰਸ਼ਰਨ ਸਿੰਘ ਜਵੱਦੀ ਤੇ ਗਿਆਨੀ ਦਵਿੰਦਰਪਾਲ ਸਿੰਘ ਦਾ ਧੰਨਵਾਦ ਪ੍ਰਗਟ ਕਰਦਾ ਹਾਂ | ਵਿਸ਼ੇਸ਼ ਰਾਗ ਕੀਰਤਨ ਦਰਬਾਰ 'ਚ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਪਪਿੰਦਰ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਭਾਈ ਗੁਰਚੇਤ ਸਿੰਘ ਬਰਨਾਲਾ, ਭਾਈ ਜਸਪ੍ਰੀਤ ਸਿੰਘ ਲੁਧਿਆਣਾ, ਭਾਈ ਗੁਰਸ਼ਰਨ ਸਿੰਘ ਜਵੱਦੀ, ਕਾਕਾ ਗੁਰਨੀਸ਼ ਸਿੰਘ ਦੇ ਕੀਰਤਨੀ ਜੱਥਿਆਂ ਸਮੇਤ ਸਿੱਖ ਸਕੂਲ ਆਫ਼ ਮਿਊਜ਼ਿਕ ਦੇ ਵਿਦਿਆਰਥੀਆਂ ਦੇ ਕੀਰਤਨੀ ਜੱਥੇ ਨੇ ਆਪਣੀ ਹਾਜ਼ਰੀਆਂ ਭਰਕੇ ਤੰਤੀ ਸਾਜਾਂ ਰਾਹੀਂ ਨਿਰਧਾਰਤ ਰਾਗਾਂ ਵਿਚ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਮੰਤਰ ਮੁੰਗਧ ਕੀਤਾ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਮਕੱੜ ਤੇ ਉਨ੍ਹਾਂ ਦੇ ਸਾਥੀ ਮੈਂਬਰਾਂ ਨੇ ਸਮੂਹ ਕੀਰਤਨੀ ਜਥਿਆਂ ਦੇ ਮੈਂਬਰਾਂ ਨੂੰ ਸਿਰੋਪਾਓ ਭੇਟ ਕੀਤੇ ਉਪਰੰਤ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ | ਕੀਰਤਨ ਦਰਬਾਰ ਦੌਰਾਨ ਸਟੇਜ ਸੈਕਟਰੀ ਦੀ ਸੇਵਾ ਗਿਆਨੀ ਦਵਿੰਦਰਪਾਲ ਸਿੰਘ ਤੇ ਤੇਜਿੰਦਰਪਾਲ ਸਿੰਘ ਨੇ ਨਿਭਾਈ | ਕੀਰਤਨ ਦਰਬਾਰ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਮਹਿੰਦਰ ਸਿੰਘ ਡੰਗ, ਅਤੱਰ ਸਿੰਘ ਮਕੱੜ, ਰਜਿੰਦਰ ਸਿੰਘ ਡੰਗ, ਭੁਪਿੰਦਰ ਸਿੰਘ ਅਰੋੜਾ, ਹਰਪਾਲ ਸਿੰਘ ਖਾਲਸਾ, ਬਲਬੀਰ ਸਿੰਘ ਭਾਟੀਆ, ਗੁਰਦੀਪ ਸਿੰਘ ਡੀਮਾਰਟੇ, ਨਰਿੰਦਰਪਾਲ ਸਿੰਘ ਕਥੂਰੀਆਂ, ਭੂਪਿੰਦਰ ਸਿੰਘ ਜੁਨੇਜਾ, ਹਰਮਿੰਦਰ ਸਿੰਘ ਕੋਹਲੀ, ਰਾਣਾ ਇੰਦਰਜੀਤ ਸਿੰਘ, ਇੰਦਰਜੀਤ ਸਿੰਘ ਖੁਰਾਣਾ, ਪਰਮਜੀਤ ਸਿੰਘ ਸੇਠੀ, ਅਵਤਾਰ ਸਿੰਘ ਬੀ. ਕੇ., ਹਰਮੀਤ ਸਿੰਘ ਡੰਗ, ਅਵਤਾਰ ਸਿੰਘ ਮਿੱਡਾ ਵਿਸੇਸ਼ ਤੌਰ 'ਤੇ ਹਾਜ਼ਰ ਸਨ |