ਲੁਧਿਆਣਾ, 1 ਨਵੰਬਰ (ਭੁਪਿੰਦਰ ਸਿੰਘ ਬੈਂਸ)-'ਦਾਨ ਉਤਸਵ-2025' ਦਾ ਸਮਾਪਨ ਸ਼ਾਨਦਾਰ ਢੰਗ ਨਾਲ ਹੋਇਆ, ਜਿਸ ਵਿਚ ਨਿਵਾਸੀਆਂ ਨੇ ਉਤਸਵ ਦੌਰਾਨ 120,000 ਤੋਂ ਵੱਧ ਕੱਪੜੇ, 6000 ਖਿਡੌਣੇ, 5000 ਜੋੜੇ ਜੁੱਤੇ, 3000 ਬਿਸਤਰੇ, 2000 ਭਾਂਡੇ, 4000 ਉਪਕਰਨ, ਕਰਿਆਨਾ, ਈ-ਕੂੜਾ ਆਦਿ ਦਾਨ ਕੀਤੇ | ਦਾਨ ਉਤਸਵ ਨਗਰ ਨਿਗਮ ਦੁਆਰਾ ਸਿਟੀਨੀਡਜ਼ ਅਤੇ ਐਕਟ ਹਿਊਮਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ | 'ਦਾਨ ਉਤਸਵ' ਤਹਿਤ ਵੰਡ ਸਮਾਰੋਹ ਸ਼ਨੀਵਾਰ ਨੂੰ ਪੱਖੋਵਾਲ ਰੋਡ 'ਤੇ ਸਥਿਤ ਇਨਡੋਰ ਸਟੇਡੀਅਮ ਵਿਖੇ ਕਰਵਾਇਆ ਗਿਆ | ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੂੰ ਇਸ ਮੌਕੇ ਮੁੱਖ ਮਹਿਮਾਨ ਵਜੋਂ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੇ ਸਮਾਜ ਦੀ ਸੇਵਾ ਕਰਨ ਲਈ ਸਬੰਧਿਤ ਗੈਰ-ਸਰਕਾਰੀ ਸੰਗਠਨਾਂ/ਭਾਗੀਦਾਰਾਂ ਨੂੰ ਸਨਮਾਨਿਤ ਕੀਤਾ | ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਫ਼ਿਲਮ ਨਿਰਮਾਤਾ ਗੁਰਅਮਾਨਤ ਸਿੰਘ, ਅਦਾਕਾਰ ਜਰਨੈਲ ਸਿੰਘ, ਅਦਾਕਾਰ ਕੁਲਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਦਯਾਕਰਨ ਸਮੇਤ ਹੋਰਨਾਂ ਨੂੰ ਵੀ ਵੰਡ ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨਾਂ ਵਜੋਂ ਸਨਮਾਨਿਤ ਕੀਤਾ ਗਿਆ | 'ਦਾਨ ਉਤਸਵ-2025' 2 ਅਕਤੂਬਰ ਨੂੰ ਸ਼ੁਰੂ ਹੋਇਆ ਸੀ, ਜਿਸ ਵਿਚ ਵਸਨੀਕਾਂ ਨੇ 60 ਸੰਗ੍ਰਹਿ ਕੇਂਦਰਾਂ 'ਤੇ ਵਰਤੋਂ ਯੋਗ ਕੱਪੜੇ, ਜੁੱਤੇ, ਬਿਸਤਰੇ, ਭਾਂਡੇ, ਕਰਿਆਨਾ, ਖਿਡੌਣੇ, ਉਪਕਰਨ ਅਤੇ ਈ-ਕੂੜਾ ਦਾਨ ਕੀਤਾ | ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਵੀ ਸਮਗਰੀ ਦਾਨ ਕੀਤੀ | ਇਸ ਸਾਲ ਦਾਨ ਉਤਸਵ ਵਿਚ 120,000 ਕੱਪੜੇ, 6000 ਖਿਡੌਣੇ, 5000 ਜੋੜੇ ਜੁੱਤੇ, 3000 ਬਿਸਤਰੇ, 2000 ਭਾਂਡੇ, 4000 ਉਪਕਰਨ, ਕਰਿਆਨਾ, ਈ-ਕੂੜਾ ਆਦਿ ਨਿਵਾਸੀਆਂ ਦੁਆਰਾ ਦਾਨ ਕੀਤੇ ਗਏ ਹਨ | ਇਸ ਮੌਕੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਸਥਿਰਤਾ ਵੱਲ ਇਕ ਕਦਮ ਵਜੋਂ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ |