ਲੁਧਿਆਣਾ, 1 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਹੌਜ਼ਰੀ ਵਪਾਰੀ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ ਬਣਾਉਣ ਦਾ ਝਾਂਸਾ ਦੇ ਕੇ ਇਕ ਕਰੋੜ ਦੀ ਠੱਗੀ ਕਰਨ ਵਾਲੇ ਪਿਓ ਪੁੱਤਰ ਖ਼ਿਲਾਫ਼ ਪੁਲਿਸ ਨੇ ਅਪਰਾਧਿਕ ਮਾਮਲਾ ਦਰਜ ਕੀਤਾ ਹੈ, ਜਦਕਿ ਉਨ੍ਹਾਂ ਦੇ ਹੋਰ ਪਰਿਵਾਰਿਕ ਮੈਂਬਰਾਂ ਦੀ ਭੂਮਿਕਾ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਇਹ ਕਾਰਵਾਈ ਹੌਜ਼ਰੀ ਵਪਾਰੀ ਨਰਿੰਦਰ ਸਿੰਘ ਬਾਵਾ ਵਾਸੀ ਮਾਡਲ ਟਾਊਨ ਐਕਸਟੈਨਸ਼ਨ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਨਵਦੀਪ ਸਿੰਘ ਸੋਹਲ ਅਤੇ ਉਸ ਦੇ ਪਿਓ ਬਲਦੇਵ ਸਿੰਘ ਸੋਹਲ ਵਾਸੀ ਭਾਈ ਰਣਧੀਰ ਸਿੰਘ ਨਗਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਉਨ੍ਹਾਂ ਦੱਸਿਆ ਕਿ ਉਕਤ ਕਥਿਤ ਦੋਸ਼ੀ ਉਸ ਦੇ ਜਾਣਕਾਰ ਸਨ ਅਤੇ ਇਹਨਾਂ ਕਥਿਤ ਦੋਸ਼ੀਆਂ ਨੇ ਉਸ ਨੂੰ ਦੱਸਿਆ ਕਿ ਉਸ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਚੰਗਾ ਰਸੂਖ ਹੈ ਅਤੇ ਇਸ ਲਈ ਉਸ ਨੇ ਵੱਖ-ਵੱਖ ਆਗੂਆਂ ਨਾਲ ਆਪਣੀਆਂ ਫ਼ੋਟੋਆਂ ਵੀ ਉਸ ਨੂੰ ਦਿਖਾਈਆਂ | ਉਸ ਨੇ ਦੱਸਿਆ ਕਿ ਇਸ ਤਰ੍ਹਾਂ ਉਕਤ ਪਿਓ ਪੁੱਤਰ ਨੇ ਉਸ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ ਬਣਵਾਉਣ ਦਾ ਝਾਂਸਾ ਦੇ ਕੇ ਇਕ ਕਰੋੜ ਰੁਪਏ ਦੀ ਨਗਦੀ ਹਾਸਿਲ ਕਰ ਲਈ, ਪਰ ਕਥਿਤ ਦੋਸ਼ੀ ਬਾਅਦ ਵਿਚ ਆਪਣੇ ਵਾਅਦੇ ਤੋਂ ਮੁੱਕਰ ਗਏ, ਜਦੋਂ ਉਸ ਨੇ ਆਪਣੀ ਰਕਮ ਵਾਪਸ ਮੰਗੀ ਤਾਂ ਇਹਨਾਂ ਕਥਿਤ ਦੋਸ਼ੀਆਂ ਵਲੋਂ ਉਸ ਨੂੰ ਝੂਠੇ ਮਾਮਲਿਆਂ ਵਿਚ ਫਸਾਉਣ ਦੀ ਧਮਕੀ ਦਿੱਤੀ | ਸ਼ਿਕਾਇਤਕਰਤਾ ਨੇ ਹਾਲਾਂਕਿ ਇਸ ਮਾਮਲੇ ਵਿਚ ਕਥਿਤ ਦੋਸ਼ੀਆਂ ਦੇ ਹੋਰ ਪਰਿਵਾਰਿਕ ਮੈਂਬਰਾਂ ਉੱਪਰ ਵੀ ਰਕਮ ਹਾਸਿਲ ਕਰਨ ਦੇ ਦੋਸ਼ ਲਗਾਏ ਸਨ, ਪਰ ਪੁਲਿਸ ਵਲੋਂ ਇਹਨਾਂ ਦੋਵਾਂ ਖ਼ਿਲਾਫ਼ ਹੀ ਕੇਸ ਦਰਜ ਕੀਤਾ ਗਿਆ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਵੀ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ |