ਲੁਧਿਆਣਾ, 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਵਲੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਚੱਲ ਰਹੀ ਹਫਤਾਵਾਰੀ ਕੀਰਤਨ ਸਮਾਗਮ ਲੜੀ ਅੰਦਰ ਪੰਥ ਪ੍ਰਸਿੱਧ ਕੀਰਤਨੀਏ ਭਾਈ ਇਕਬਾਲ ਸਿੰਘ ਮਨਾਵਾਂ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਦੇ ਕੀਰਤਨੀ ਜੱਥੇ ਨੇ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ | ਕੀਰਤਨ ਸਮਾਗਮ 'ਚ ਇਕੱਤਰ ਹੋਈਆਂ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਭਾਈ ਇਕਬਾਲ ਸਿੰਘ ਮਨਾਵਾਂ ਨੇ ਕਿਹਾ ਕਿ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਗੁਰੂ ਸਾਹਿਬਾਨ ਤੇ ਭਗਤਾਂ ਦੀ ਬਾਣੀ ਸਭ ਨੂੰ ਜਿੱਥੇ ਅਧਿਆਤਮਕ ਤੇ ਰੂਹਾਨੀਅਤ ਦਾ ਸਕੂਨ ਪ੍ਰਦਾਨ ਕਰਦੀ ਹੈ, ਉੱਥੇ ਨਾਲ ਹੀ ਅਕਾਲ ਪੁਰਖ ਦੀ ਬੰਦਗੀ ਕਰਨ ਦਾ ਸੰਦੇਸ਼ ਵੀ ਦਿੰਦੀ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਬਾਬਾ ਬੁੱਢਾ ਜੀ ਵਲੋਂ ਬਖ਼ਸ਼ੇ ਸੇਵਾ ਤੇ ਸਿਮਰਨ ਦੇ ਸੰਕਲਪ ਨੂੰ ਸੰਭਾਲਣ ਦੀ ਮੁੱਖ ਜ਼ਰੂਰਤ ਹੈ ਤਾਂ ਹੀ ਹਰ ਬੱਚਾ ਆਪਣੇ ਅੰਦਰ ਗੁਰਸਿੱਖੀ ਵਾਲਾ ਜ਼ਜਬਾ ਪੈਦਾ ਕਰਕੇ ਗੁਰੂ ਵਾਲਾ ਬਣ ਸਕਦਾ ਹੈ | ਇਸ ਦੌਰਾਨ ਉਨ੍ਹਾਂ ਨੇ ਸੰਗਤਾਂ ਨੂੰ ਧਰਮ ਦੇ ਮਾਰਗ 'ਤੇ ਚੱਲਣ ਦੀ ਪ੍ਰੇਣਾ ਦਿੱਤੀ | ਸਮਾਗਮ ਦੀ ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਬਰਾਂ ਵਲੋਂ ਕੀਰਤਨੀ ਜੱਥੇ ਦੇ ਮੈਬਰਾਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਮਾਗਮ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਮਹਿੰਦਰ ਸਿੰਘ ਡੰਗ, ਅੱਤਰ ਸਿੰਘ ਮੱਕੜ, ਰਜਿੰਦਰ ਸਿੰਘ ਡੰਗ, ਬਲਬੀਰ ਸਿੰਘ ਭਾਟੀਆ, ਹਰਪਾਲ ਸਿੰਘ ਖਾਲਸਾ, ਹਰਮੀਤ ਸਿੰਘ ਡੰਗ, ਇੰਦਰਬੀਰ ਸਿੰਘ ਬੱਤਰਾ, ਸੁਖਵਿੰਦਰ ਸਿੰਘ ਹੈਪੀ ਕੋਚਰ, ਹਰਵਿੰਦਰ ਸਿੰਘ ਕੋਹਲੀ, ਗੁਰਦੀਪ ਸਿੰਘ ਡੀਮਾਰਟੇ, ਸੁਰਿੰਦਰਪਾਲ ਸਿੰਘ ਭੁਟੀਆਨੀ, ਨਰਿੰਦਰਪਾਲ ਸਿੰਘ ਕਥੂਰੀਆ, ਭੁਪਿੰਦਰ ਸਿੰਘ ਜੁਨੇਜਾ, ਹਰਬੰਸ ਸਿੰਘ ਰਾਜਾ, ਪਰਮਜੀਤ ਸਿੰਘ ਸੇਠੀ, ਅਵਤਾਰ ਸਿੰਘ ਬੀ.ਕੇ, ਅਵਤਾਰ ਸਿੰਘ ਮਿੱਡਾ, ਮਨਮੋਹਨ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |